ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ ਜਾਣ ਹੋਵੋਗੇ ਹੈਰਾਨ, ਭਾਰਤੀ ਰਾਸ਼ਟਰਪਤੀ ਨਾਲੋਂ ਹੈ ਇੰਨੇ ਗੁਣਾ ਵੱਧ

09/22/2020 6:06:43 PM

ਵਾਸ਼ਿੰਗਟਨ- ਅਮਰੀਕਾ ਵਿਚ ਇਨ੍ਹੀਂ ਦਿਨੀਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰਾਜਨੀਤਕ ਸਰਗਰਮੀਆਂ ਤੇਜ਼ ਹਨ। ਸੱਤਾਧਾਰੀ ਰੀਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੁਬਾਰਾ ਚੋਣ ਮੈਦਾਨ ਵਿਚ ਹਨ। ਉੱਥੇ ਹੀ, ਵਿਰੋਧੀ ਡੈਮੋਕ੍ਰੇਟਿਕ ਪਾਰਟੀ ਵਲੋਂ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਉਮੀਦਵਾਰ ਬਣੇ ਹਨ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਦੀ ਤਨਖ਼ਾਹ ਤੇ ਭੱਤੇ ਵੀ ਦੁਨੀਆ ਵਿਚ ਸਭ ਤੋਂ ਵੱਧ ਹਨ। ਅਮਰੀਕੀ ਰਾਸ਼ਟਰਪਤੀ ਨੂੰ ਹਰ ਸਾਲ 4 ਲੱਖ ਡਾਲਰ ਭਾਵ 2,94,19,440 ਰੁਪਏ ਤਨਖ਼ਾਹ ਵਜੋਂ ਮਿਲਦੇ ਹਨ, ਜੋ ਭਾਰਤੀ ਰਾਸ਼ਟਰਪਤੀ ਦੀ ਤਨਖ਼ਾਹ ਦੀ ਤੁਲਨਾ ਵਿਚ 5 ਗੁਣਾ ਜ਼ਿਆਦਾ ਹੈ। 

ਅਮਰੀਕੀ ਰਾਸ਼ਟਰਪਤੀ ਨੂੰ ਤਨਖ਼ਾਹ ਦੇ ਇਲਾਵਾ 17 ਤਰ੍ਹਾਂ ਦੇ ਵੱਖ-ਵੱਖ ਭੱਤੇ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਸਾਲਾਨਾ ਖਰਚੇ ਦੇ ਰੂਪ ਵਿਚ 5000 ਡਾਲਰ (36,77,430 ਰੁਪਏ), ਯਾਤਰਾ ਖਰਚ ਦੇ ਰੂਪ ਵਿਚ ਟੈਕਸ ਰਹਿਤ ਇਕ ਲੱਖ ਡਾਲਰ ਅਤੇ ਮਨੋਰੰਜਨ ਭੱਤੇ ਵਜੋਂ 19000 ਡਾਲਰ ਵੀ ਦਿੱਤੇ ਜਾਂਦੇ ਹਨ। ਇਸ ਦੇ ਇਲਾਵਾ ਵਰਤਮਾਨ ਤੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਆ ਅਤੇ ਸਿਹਤ ਬੀਮਾ, ਵਾਰਡਰੋਬ ਬਜਟ ਵੀ ਦਿੱਤਾ ਜਾਂਦਾ ਹੈ। 

ਘਟੀ ਟਰੰਪ ਦੀ ਆਮਦਨ-
ਰਾਸ਼ਟਰਪਤੀ ਟਰੰਪ ਦੀ ਸਲਾਨਾ ਆਮਦਨ ਉਨ੍ਹਾਂ ਦੇ ਵਪਾਰ ਤੋਂ ਹੋਣ ਵਾਲੀ ਪਹਿਲੀ ਆਮਦਨੀ ਦੀ ਤੁਲਨਾ ਵਿਚ ਕਾਫੀ ਘੱਟ ਹੈ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਰੀਅਲ ਅਸਟੇਟ ਦੇ ਵਪਾਰ ਨਾਲ ਜੁੜੇ ਸਨ। ਉਸ ਦੌਰਾਨ ਉਨ੍ਹਾਂ ਦੀ ਸਾਲਾਨਾ ਆਮਦਨੀ 1.3 ਬਿਲੀਅਨ ਡਾਲਰ ਦੱਸੀ ਜਾ ਰਹੀ ਸੀ ਜਦਕਿ ਇਸ ਸਮੇਂ ਉਨ੍ਹਾਂ ਨੂੰ ਸਿਰਫ 4 ਲੱਖ ਡਾਲਰ ਹੀ ਮਿਲਦੇ ਹਨ। ਅਮਰੀਕਾ ਟੈਕਸ ਕੋਡ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ ਨੂੰ ਛੱਡ ਕੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਸਾਰੇ ਭੱਤਿਆਂ ਨੂੰ ਟੈਕਸ ਤੋਂ ਛੋਟ ਪ੍ਰਾਪਤ ਹੈ। 

ਭਾਰਤੀ ਰਾਸ਼ਟਰਪਤੀ ਨੂੰ ਮਿਲਦੀ ਹੈ ਇੰਨੀ ਤਨਖ਼ਾਹ-
ਭਾਰਤੀ ਰਾਸ਼ਟਰਪਤੀ ਨੂੰ ਹਰ ਮਹੀਨੇ 5 ਲੱਖ ਰੁਪਏ ਤਨਖ਼ਾਹ ਵਜੋਂ ਮਿਲਦੇ ਹਨ। ਇਸ ਦੇ ਇਲਾਵਾ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਹੋਰ ਭੱਤੇ ਅਤੇ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 2016 ਵਿਚ ਆਖਰੀ ਵਾਰ ਭਾਰਤੀ ਰਾਸ਼ਟਰਪਤੀ ਦੀ ਤਨਖ਼ਾਹ ਵਿਚ ਵਾਧਾ ਕੀਤਾ ਗਿਆ ਸੀ। ਭਾਰਤੀ ਰਾਸ਼ਟਰਪਤੀ ਦਾ ਆਵਾਸ ਦੁਨੀਆ ਵਿਚ ਸਭ ਤੋਂ ਵੱਡਾ ਹੈ ਜੋ 5 ਏਕੜ ਵਿਚ ਫੈਲਿਆ ਹੋਇਆ ਹੈ। ਰਾਸ਼ਟਰਪਤੀ ਭਵਨ ਦੀ ਦੇਖ-ਰੇਖ ਲਈ ਹਰ ਸਾਲ 30 ਕਰੋੜ ਰੁਪਏ ਖਰਚ ਹੁੰਦੇ ਹਨ। 
 

Lalita Mam

This news is Content Editor Lalita Mam