18 ਸਾਲਾ ਅਮਰੀਕੀ ਨਾਗਰਿਕ ਲਸ਼ਕਰ-ਏ-ਤੋਇਬਾ ਦੀ ਮਦਦ ਕਰਨ ਦਾ ਦੋਸ਼ੀ

05/09/2019 4:35:05 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਇਕ 18 ਸਾਲਾ ਨਾਗਰਿਕ ਨੂੰ ਬੁੱਧਵਾਰ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੀ ਮਦਦ ਕਰਨ ਅਤੇ ਉਸ ਲਈ ਲੜਾਕਿਆਂ ਦੀ ਭਰਤੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸੇ ਸੰਗਠਨ ਨੇ ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਟੈਕਸਾਸ ਦੇ ਫੋਰਟ ਵਰਥ ਦੇ ਰਹਿਣ ਵਾਲੇ ਮਾਈਕਲ ਕਾਇਲੀ ਸੀਵੇਲ ਨੂੰ ਫਰਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਇਕ ਵਿਅਕਤੀ ਨੂੰ ਲਸ਼ਕਰ ਨਾਲ ਜੁੜਨ ਲਈ ਉਕਸਾਇਆ ਸੀ। 

ਅਦਾਲਤ ਦੇ ਦਸਤਾਵੇਜ਼ਾਂ ਵਿਚ ਦੂਜੇ ਸ਼ਖਸ ਦੀ ਪਛਾਣ ਕੋ-ਸਾਜਿਸ਼ਕਰਤਾ ਦੇ ਤੌਰ 'ਤੇ ਕੀਤੀ ਗਈ ਹੈ। ਹੁਣ ਉਹ 20 ਸਾਲ ਦੀ ਫੈਡਰਲ ਕੈਦ ਅਤੇ ਢਾਈ ਲੱਖ ਅਮਰੀਕੀ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰ ਰਿਹਾ ਹੈ। ਇਹ ਸਜ਼ਾ 12 ਅਗਸਤ ਤੋਂ ਸ਼ੁਰੂ ਹੋਵੇਗੀ। ਪਟੀਸ਼ਨ ਮੁਤਾਬਕ ਸੀਵੇਲ ਸੋਸ਼ਲ ਮੀਡੀਆ 'ਤੇ ਕੋ-ਸਾਜਿਸ਼ਕਰਤਾ ਨਾਲ ਗੱਲ ਕਰਦਾ ਸੀ। ਉਸ ਨੇ ਕੋ-ਸਾਜਿਸ਼ਕਰਤਾ ਨੂੰ ਉਸ ਵਿਅਕਤੀ ਦੇ ਬਾਰੇ ਵਿਚ ਜਾਣਕਾਰੀ ਮੁਹੱਈਆ ਕਰਵਾਈ ਜੋ ਉਸ ਮੁਤਾਬਕ ਲਸ਼ਕਰ ਵਿਚ ਸ਼ਾਮਲ ਹੋਣ ਲਈ ਕੋ-ਸਾਜਿਸ਼ਕਰਤਾ ਦੀ ਪਾਕਿਸਤਾਨ ਯਾਤਰਾ ਲਈ ਪ੍ਰਬੰਧ ਕਰ ਸਕਦਾ ਸੀ। ਸੀਵੇਲ ਅਤੇ ਕੋ-ਸਾਜਿਸ਼ਕਰਤਾ ਭਾਵੇਂਕਿ ਇਸ ਗੱਲ ਤੋਂ ਅਣਜਾਣ ਸਨ ਕਿ ਯਾਤਰਾ ਪ੍ਰਬੰਧ ਲਈ ਉਹ ਜਿਸ ਸ਼ਖਸ ਨਾਲ ਸੰਪਰਕ ਵਿਚ ਸਨ ਉਹ ਅਸਲ ਵਿਚ ਐੱਫ.ਬੀ.ਆਈ. ਏਜੰਟ ਸੀ। 

ਸੀਵੇਲ ਨੇ ਕੋ-ਸਾਜਿਸ਼ਕਰਤਾ ਦੇ ਨਾਲ ਇਸ ਗੱਲ 'ਤੇ ਚਰਚਾ ਕੀਤੀ ਕਿ ਉਹ ਯਾਤਰਾ ਦਾ ਪ੍ਰਬੰਧ ਕਰਨ ਵਾਲੇ ਸ਼ਖਸ (ਐੱਫ.ਬੀ.ਆਈ. ਏਜੰਟ) ਨੂੰ ਕੀ ਕਹੇ, ਜਿਸ ਨਾਲ ਉਹ ਉਸ ਦਾ ਭਰੋਸਾ ਜਿੱਤੇ ਸਕੇ ਅਤੇ ਲਸ਼ਕਰ-ਏ-ਤੋਇਬਾ ਵਿਚ ਸ਼ਾਮਲ ਹੋਣ ਲਈ ਮਨਜ਼ੂਰੀ ਦੇ ਦੇਵੇ। ਉਸ ਨੇ ਅੰਡਰਕਵਰ ਐੱਫ.ਬੀ.ਆਈ. ਏਜੰਟ ਨਾਲ ਵੀ ਸੰਪਰਕ ਕੀਤਾ ਅਤੇ ਕੋ-ਸਾਜਿਸ਼ਕਰਤਾ ਦੀ ਪ੍ਰਮਾਣਿਕਤਾ ਦੀ ਦਲੀਲ ਦਿੰਦੇ ਹੋਏ ਦੋਹਾਂ ਨੂੰ ਦੱਸਿਆ ਕਿ ਜੇਕਰ ਸਾਜਿਸ਼ਕਰਤਾ ਜਾਸੂਸ ਨਿਕਲਿਆ ਤਾਂ ਉਹ ਉਸ ਦੀ ਹੱਤਿਆ ਕਰ ਦੇਵੇਗਾ। ਫਰਵਰੀ ਵਿਚ ਸੀਵੇਲ 'ਤੇ ਐੱਫ.ਬੀ.ਆਈ. ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਲਸ਼ਕਰ ਵੱਲੋਂ ਲੋਕਾਂ ਨੂੰ ਭਰਤੀ ਕਰਨ ਅਤੇ ਉਨ੍ਹਾਂ ਨੂੰ ਅੱਤਵਾਦੀ ਸਿਖਲਾਈ ਲਈ ਪਾਕਿਸਤਾਨ ਭੇਜਣ ਦਾ ਦੋਸ਼ ਲਗਾਇਆ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਇਹ ਸਪੱਸ਼ਟ ਨਹੀਂ ਹੈ ਕਿ ਸੀਵੇਲ ਹਾਲੇ ਹਿਰਾਸਤ ਵਿਚ ਹੈ ਜਾਂ ਨਹੀਂ।

Vandana

This news is Content Editor Vandana