ਹੋਰ ਸ਼ਕਤੀਸ਼ਾਲੀ ਹੋਵੇਗਾ ਭਾਰਤ, US ਨਾਲ ਹੋਇਆ ਖਾਸ ਤੋਪਾਂ ਦਾ ਸੌਦਾ

11/21/2019 1:53:40 PM

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਭਾਰਤ ਨੂੰ 71 ਹਜ਼ਾਰ ਕਰੋੜ ਰੁਪਏ ਦੀਆਂ ਐੱਮ. ਕੇ- 45 ਤੋਪਾਂ ਵੇਚਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਤੋਪਾਂ ਭਾਰਤੀ ਸਮੁੰਦਰੀ ਫੌਜ ਦੀ ਤਾਕਤ ਵਧਾਉਣਗੀਆਂ। ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਅਮਰੀਕੀ ਸੰਸਦ ਨੂੰ ਦੱਸਿਆ ਕਿ ਪ੍ਰਸਤਾਵਿਤ ਸੌਦੇ ਤਹਿਤ 13 ਐੱਮ. ਕੇ.-45 ਪੰਜ ਇੰਚ/ 62 ਕੈਲੀਬਰ ਸਮੁੰਦਰੀ ਫੌਜੀ ਤੋਪਾਂ ਅਤੇ ਉਨ੍ਹਾਂ ਨਾਲ ਸਬੰਧਤ ਯੰਤਰਾਂ ਦੀ ਪ੍ਰਸਤਾਵਿਤ ਵਿਦੇਸ਼ੀ ਫੌਜੀ ਵਿਕਰੀ ਦੀ ਇਜਾਜ਼ਤ ਦੀ ਲਾਗਤ 71 ਹਜ਼ਾਰ ਕਰੋੜ ਰੁਪਏ ਹੈ।

ਐੱਮ. ਕੇ. 45 ਤੋਪਾਂ ਦੀ ਵਰਤੋਂ ਜੰਗੀ ਬੇੜੇ, ਤਟਾਂ, ਲੜਾਕੂ ਜਹਾਜ਼ਾਂ 'ਤੇ ਬੰਬ ਵਰ੍ਹਾਉਣ ਲਈ ਕੀਤੀ ਜਾਂਦੀ ਹੈ। ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਵਲੋਂ ਜਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਬੀ. ਏ. ਈ. ਸਿਸਟਮ ਲੈਂਡ ਐਂਡ ਆਰਮੇਟਸ ਵਲੋਂ ਬਣਾਏ ਜਾਣ ਵਾਲੇ ਇਨ੍ਹਾਂ ਹਥਿਆਰਾਂ ਦੀ ਪ੍ਰਸਤਾਵਿਤ ਵਿਕਰੀ ਨਾਲ ਭਾਰਤ ਨੂੰ ਦੁਸ਼ਮਣਾਂ ਤੋਂ ਮੌਜੂਦਾ ਅਤੇ ਭਵਿੱਖ ਦੇ ਸੰਕਟਾਂ ਨਾਲ ਨਜਿੱਠਣ 'ਚ ਮਦਦ ਮਿਲੇਗੀ।

ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵਲੋਂ ਦਿੱਤੀ ਗਈ ਸੂਚਨਾ ਦਾ ਮਤਲਬ ਇਹ ਨਹੀਂ ਕਿ ਇਹ ਸੌਦਾ ਮਨਜ਼ੂਰ ਹੋ ਗਿਆ ਹੈ। ਸੌਦਾ ਤੈਅ ਹੋਣ ਲਈ ਇਸ ਦੀ ਕਾਨੂੰਨੀ ਮਨਜ਼ੂਰੀ ਮਿਲਣਾ ਵੀ ਜ਼ਰੂਰੀ ਹੈ। ਹੁਣ ਤਕ ਅਮਰੀਕਾ ਨੇ ਇਨ੍ਹਾਂ ਤੋਪਾਂ ਦੀ ਵਿਕਰੀ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਹੀ ਕੀਤੀ ਹੈ ਅਤੇ ਥਾਈਲੈਂਡ ਨੂੰ ਵੀ ਉੱਨਤ ਯੰਤਰ ਦਿੱਤੇ ਹਨ।
ਇਸ ਦੇ ਇਲਾਵਾ ਅਮਰੀਕਾ ਬ੍ਰਿਟੇਨ ਅਤੇ ਕੈਨੇਡਾ ਵਰਗੇ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਇਹ ਤੋਪਾਂ ਵੇਚਣ ਲਈ ਵਚਨਬੱਧ ਹੈ। ਜੇਕਰ ਇਸ ਸੌਦੇ ਨੂੰ ਕਾਨੂੰਨੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਭਾਰਤੀ ਸਮੁੰਦਰੀ ਫੌਜ ਦੀਆਂ ਸਮਰਥਾਵਾਂ 'ਚ ਕਾਫੀ ਵਾਧਾ ਹੋਵੇਗਾ।