ਵਾਸ਼ਿੰਗ ਮਸ਼ੀਨ ਅੰਦਰ ਫਸ ਗਈ 3 ਸਾਲਾ ਬੱਚੀ, ਇੰਝ ਬਚੀ ਜਾਨ

07/18/2018 1:32:04 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸੂਬੇ ਕੋਲੋਰਾਡੋ ਦੀ ਰਹਿਣ ਵਾਲੀ 3 ਸਾਲਾ ਬੱਚੀ ਵਾਸ਼ਿੰਗ ਮਸ਼ੀਨ ਵਿਚ ਫੱਸ ਗਈ। ਬੱਚੀ ਦੀ ਮਾਂ ਨੇ ਆਪਣੇ ਨਾਲ ਵਾਪਰੀ ਇਕ ਘਟਨਾ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਉਸ ਨਾਲ ਇਹ ਘਟਨਾ ਬੀਤੇ ਹਫਤੇ ਮੰਗਲਵਾਰ ਨੂੰ ਵਾਪਰੀ। ਆਪਣੀ ਪੋਸਟ ਵਿਚ ਲਿੰਡਸੇ ਮੈਕਈਵਰ ਨੇ ਦੱਸਿਆ ਕਿ ਉਸ ਦੇ ਤਿੰਨ ਛੋਟੇ ਬੱਚੇ ਹਨ। ਉਸ ਦੀ ਪੁਰਾਣੀ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਸੀ, ਜਿਸ ਦੀ ਜਗ੍ਹਾ ਉਸ ਨੇ ਨਵੀਂ ਫਰੰਟਲੋਡਿਡ ਵਾਸ਼ਿੰਗ ਮਸ਼ੀਨ ਖਰੀਦੀ। ਉਸ ਨੇ ਇਹ ਗੱਲ ਆਪਣੇ ਤਿੰਨੇ ਬੱਚਿਆਂ ਨੂੰ ਸਮਝਾਈ ਸੀ ਕੀ ਕੋਈ ਵੀ ਵਾਸ਼ਿੰਗ ਮਸ਼ੀਨ ਨੂੰ ਹੱਥ ਨਹੀਂ ਲਗਾਏਗਾ, ਕਿਉਂਕਿ ਬੱਚੇ ਛੋਟੇ ਸਨ ਅਤੇ ਅਣਜਾਣੇ ਵਿਚ ਉਹ ਕਿਸੇ ਹਾਦਸੇ ਦੇ ਸ਼ਿਕਾਰ ਹੋ ਸਕਦੇ ਸਨ। 

ਪਰ ਅਗਲੀ ਸਵੇਰ ਉਸ ਦਾ ਸਾਹਮਣਾ ਇਕ ਦਿਲ ਦਹਿਲਾਉਣ ਵਾਲੀ ਘਟਨਾ ਨਾਲ ਹੋਇਆ। ਉਸ ਦੇ 4 ਸਾਲਾ ਬੇਟੇ ਜੈਸ ਨੇ ਸਵੇਰੇ-ਸਵੇਰੇ ਉਸ ਨੂੰ ਜਗਾਇਆ। ਉਹ ਘਬਰਾਹਟ ਕਾਰਨ ਠੀਕ ਤਰੀਕੇ ਨਾਲ ਬੋਲ ਨਹੀਂ ਪਾ ਰਿਹਾ ਸੀ। ਲਿੰਡਸੇ ਅਤੇ ਉਸ ਦੇ ਪਤੀ ਐਲਨ ਨੂੰ ਸਿਰਫ ਇੰਨਾ ਹੀ ਸਮਝ ਆਇਆ ਕਿ ਕਲੋ, ਵਾਸ਼ਿੰਗ ਮਸ਼ੀਨ, ਅੰਦਰ। ਲਿੰਡਸੇ ਤੇਜ਼ੀ ਨਾਲ ਲਾਂਡਰੀ ਰੂਮ ਵੱਲ ਗਈ। ਉੱਥੇ ਉਸ ਨੇ ਆਪਣੀ 3 ਸਾਲਾ ਬੱਚੀ ਨੂੰ ਮਸ਼ੀਨ ਦੇ ਅੰਦਰ ਫਸਿਆ ਪਾਇਆ। ਵਾਸ਼ਿੰਗ ਮਸ਼ੀਨ ਵਿਚ ਤੇਜ਼ੀ ਨਾਲ ਪਾਣੀ ਭਰ ਰਿਹਾ ਸੀ ਅਤੇ ਉਹ ਲੌਕ ਹੋ ਗਈ ਸੀ। ਉਹ ਸਾਰੇ ਕਲੋ ਨੂੰ ਚੀਕਦੇ ਹੋਏ ਦੇਖ ਰਹੇ ਸਨ ਪਰ ਮਸ਼ੀਨ ਦੇ ਰੋਲੇ ਦੀ ਆਵਾਜ਼ ਵਿਚ ਉਸ ਦੀ ਆਵਾਜ਼ ਦੱਬੀ ਜਾ ਰਹੀ ਸੀ। 
ਲਿੰਡਸੇ ਨੂੰ ਬਹੁਤ ਕੋਸ਼ਿਸ਼ ਕਰਨ ਮਗਰੋਂ ਮਸ਼ੀਨ ਦਾ ਦਰਵਾਜ਼ਾ ਅਨਲੌਕ ਕੀਤਾ ਅਤੇ ਆਪਣੀ ਬੇਟੀ ਨੂੰ ਬਾਹਰ ਕੱਢਿਆ। ਇਸ ਦੌਰਾਨ ਕਲੋ ਦੇ ਸਾਰੇ ਕੱਪੜੇ ਗਿੱਲੇ ਹੋ ਚੁੱਕੇ ਸਨ ਅਤੇ ਉਸ ਦੇ ਸਿਰ 'ਤੇ ਸੱਟਾਂ ਲੱਗੀਆਂ ਸਨ। ਹਾਲਾਂਕਿ ਉਸ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਆਪਣੀ ਇਸ ਪੋਸਟ ਜ਼ਰੀਏ ਲਿੰਡਸੇ ਨੇ ਫਰੰਟਲੋਡਿਡ ਵਾਸ਼ਿੰਗ ਮਸ਼ੀਨ ਦੇ ਖਤਰਿਆਂ ਬਾਰੇ ਚਿਤਾਵਨੀ ਦਿੱਤੀ ਹੈ। ਇਸ ਪੋਸਟ ਨੂੰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।