ਅਮਰੀਕਾ ਰੱਖਿਆ ਖੇਤਰ ''ਚ ਮਦਦ ਲਈ ਤਿਆਰ ਪਰ ਐੱਸ-400 ਡੀਲ ਬਣੀ ਰੁਕਾਵਟ

06/14/2019 3:14:46 PM

ਵਾਸ਼ਿੰਗਟਨ (ਭਾਸ਼ਾ)— ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਮਰੀਕਾ ਭਾਰਤ ਦੀਆਂ ਰੱਖਿਆ ਲੋੜਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਸਾਜੋ-ਸਾਮਾਨ ਨਾਲ ਪੂਰਾ ਕਰਨ ਵਿਚ ਮਦਦ ਲਈ ਤਿਆਰ ਹੈ। ਇਸ ਦੇ ਨਾਲ ਹੀ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਦਾ ਰੂਸ ਤੋਂ ਲੰਬੀ ਦੂਰੀ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਨਾਲ ਸਹਿਯੋਗ 'ਤੇ ਅਸਰ ਪੈ ਸਕਦਾ ਹੈ। ਟਰੰਪ ਪ੍ਰਸ਼ਾਸਨ ਦਾ ਇਹ ਬਿਆਨ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਕੁਝ ਹਫਤੇ ਪਹਿਲਾਂ ਦਿੱਤੀ ਗਈ ਅਜਿਹੀ ਹੀ ਇਕ ਚਿਤਾਵਨੀ ਦੇ ਬਾਅਦ ਆਇਆ ਹੈ। ਅਧਿਕਾਰੀ ਨੇ ਕਿਹਾ ਸੀ ਕਿ ਭਾਰਤ ਦੀ ਰੂਸ ਤੋਂ ਮਿਜ਼ਾਈਲ ਪ੍ਰਣਾਲੀ ਦੀ ਖਰੀਦ ਨਾਲ ਭਾਰਤ-ਅਮਰੀਕਾ ਰੱਖਿਆ ਸੰੰਬੰਧ ਪ੍ਰਭਾਵਿਤ ਹੋਣਗੇ। ਗੌਰਤਲਬ ਹੈ ਕਿ ਐੱਸ-400 ਰੂਸ ਦੀ ਸਭ ਤੋਂ ਆਧੁਨਿਕ ਸਤਿਹ ਤੋਂ ਹਵਾ ਤੱਕ ਲੰਬੀ ਦੂਰੀ ਵਾਲੀ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। ਚੀਨ 2014 ਵਿਚ ਇਸ ਪ੍ਰਣਾਲੀ ਦੀ ਖਰੀਦ ਲਈ ਰੂਸ ਸਰਕਾਰ ਨਾਸ ਸਮਝੌਤਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚ ਪਿਛਲੇ ਸਾਲ ਅਕਤੂਬਰ ਵਿਚ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਦੇ ਬਾਅਦ ਭਾਰਤ ਅਤੇ ਰੂਸ ਵਿਚਾਲੇ 5 ਅਰਬ ਡਾਲਰ ਵਿਚ ਐੱਸ-400 ਹਵਾਈ ਰੱਖਿਆ ਪ੍ਰਣਾਲੀ ਸਮਝੌਤੇ 'ਤੇ ਦਸਤਖਤ ਹੋਏ ਸਨ। ਵਿਦੇਸ਼ ਮੰਤਰਾਲੇ ਦੀ ਵਿਸ਼ੇਸ਼ ਅਧਕਾਰੀ ਐਲਿਸ ਜੀ ਵੇਲਸ ਨੇ ਏਸ਼ੀਆ, ਪ੍ਰਸ਼ਾਂਤ ਅਤੇ ਪਰਮਾਣੂ ਗੈਰ ਪ੍ਰਸਾਰ ਲਈ ਵਿਦੇਸ਼ ਮਾਮਲਿਆਂ ਵਿਚ ਸਦਨ ਦੀ ਉਪ ਕਮੇਟੀ ਨੂੰ ਦੱਸਿਆ ਕਿ ਅਮਰੀਕਾ ਹੁਣ ਕਿਸੇ ਹੋਰ ਦੇਸ਼ ਦੇ ਮੁਕਾਬਲੇ ਭਾਰਤ ਨਾਲ ਸਭ ਤੋਂ ਵੱਧ ਮਿਲਟਰੀ ਅਭਿਆਸ ਕਰਦਾ ਹੈ। 

ਉਨ੍ਹਾਂ ਨੇ ਕਿਹਾ,''ਟਰੰਪ ਪ੍ਰਸ਼ਾਸਨ ਦੇ ਅੰਤਰਗਤ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਹਾਂ ਕਿ ਅਸੀਂ ਭਾਰਤ ਦੀਆਂ ਰੱਖਿਆ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਲਈ ਤਿਆਰ ਹਾਂ ਅਤੇ ਕਾਂਗਰਸ ਨੇ ਭਾਰਤ ਨੂੰ ਜਿਹੜਾ 'ਖਾਸ ਰੱਖਿਆ ਹਿੱਸੇਦਾਰ' ਦਾ ਦਰਜਾ ਦਿੱਤਾ ਹੈ ਉਸ 'ਤੇ ਵੱਖਰੇ ਤਰੀਕੇ ਦੀ ਰੱਖਿਆ ਹਿੱਸੇਦਾਰੀ ਚਾਹੁੰਦੇ ਹਾਂ।'' ਉਹ ਕਾਂਗਰਸ ਦੀ ਉਪ ਕਮੇਟੀ ਵਿਚ ਭਾਰਤ ਦੇ ਰੂਸ ਤੋਂ ਐੱਸ-400 ਪ੍ਰਣਾਲੀ ਦੀ ਖਰੀਦ ਅਤੇ ਭਾਰਤ-ਅਮਰੀਕਾ ਦੇ ਵਿਚ ਸੰਬੰਧਾਂ ਨੂੰ ਜਿੰਨਾਂ ਹੋ ਸਕੇ ਉਨ੍ਹਾਂ ਮਜ਼ਬੂਤ ਅਤੇ ਸਾਰਥਕ ਬਣਾਉਣ 'ਤੇ ਬੋਲ ਰਹੀ ਸੀ। 

ਉਨ੍ਹਾਂ ਨੇ ਦੱਸਿਆ ਕਿ ਕੁਝ ਹਫਤੇ ਪਹਿਲਾਂ ਭਾਰਤ, ਅਮਰੀਕਾ, ਫਿਲੀਪੀਂਸ ਅਤੇ ਜਾਪਾਨ ਨੇ ਦੱਖਣੀ ਚੀਨ ਸਾਗਰ ਵਿਚ ਸ਼ਿਪਿੰਗ ਕੀਤੀ ਸੀ। ਵੇਲਸ ਨੇ ਕਿਹਾ,''ਅਸੀਂ ਆਪਣੇ ਦੋ-ਪੱਖੀ, ਤਿੰਨ-ਪੱਖੀ ਅਤੇ ਚਹੁੰਕੋਣੀ ਫਾਰਮੈਟ ਵਿਚ ਉਸ ਤਰੀਕੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜਿਸ ਦੇ ਬਾਰੇ ਵਿਚ 10 ਸਾਲ ਪਹਿਲਾਂ ਤੱਕ ਅਸੀਂ ਸੋਚਿਆ ਤੱਕ ਨਹੀਂ ਸੀ। ਇਸ ਲਈ ਅਸੀਂ ਚਾਹਾਂਗੇ ਕਿ ਸਾਡੇ ਮਿਲਟਰੀ ਸੰਬੰਧਾਂ ਦੇ ਸਾਰੇ ਆਯਾਮ ਇਸ ਨਵੀਂ ਹਿੱਸੇਦਾਰੀ ਤੱਕ ਪਹੁੰਚਣ।'' ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਦੀ ਰੂਸੀ ਹਥਿਆਰਾਂ 'ਤੇ ਨਿਰਭਰਤਾ ਪੁਰਾਣੇ ਸਮੇਂ ਤੋਂ ਹੈ। 

ਵੇਲਸ ਨੇ ਕਿਹਾ ਕਿ ਐੱਸ-400 ਦੇ ਨਾਲ ਚਿੰਤਾ ਦੀ ਗੱਲ ਇਹ ਹੈ ਕਿ ਇਹ ਸਾਡੀ ਆਪਣੀ ਆਪਸੀ ਸਮਰੱਥਾ ਨੂੰ ਵਧਾਉਣ ਦੀ ਭਾਰਤ ਦੀ ਸਮਰੱਥਾ ਨੂੰ ਘਟਾ ਦੇਵੇਗਾ। ਵੇਲਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਾਸ ਮੋੜ 'ਤੇ ਪਹੁੰਚ ਕੇ ਭਾਰਤ ਨੂੰ ਫੈਸਲਾ ਲੈਣਾ ਹੋਵੇਗਾ ਕੀ ਉਹ ਹਥਿਆਰ ਸਿਸਟਮ ਅਤੇ ਮੰਚ ਚੁਣਦਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ,''ਇਹ ਅਜਿਹਾ ਮਾਮਲਾ ਹੈ ਕਿ 10 ਸਾਲ ਪਹਿਲਾਂ ਤੱਕ ਅਸੀਂ ਭਾਰਤ ਨੂੰ ਉਨੇ ਮਿਲਟਰੀ ਸਾਜੋ ਸਾਮਾਨ ਦੀ ਪੇਸ਼ਕਸ਼ ਨਹੀਂ ਕਰਦੇ ਸੀ ਜਿੰਨੀ ਅੱਜ ਦੇਣ ਲਈ ਤਿਆਰ ਹਾਂ। ਅਸੀਂ ਭਾਰਤ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਅਸੀਂ ਆਪਣੇ ਰੱਖਿਆ ਸੰਬੰਧਾਂ ਨੂੰ ਕਿਸ ਤਰ੍ਹਾਂ ਵ ਧਾ ਸਕਦੇ ਹਾਂ।'' ਵੇਲਸ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਰਤ-ਅਮਰੀਕਾ ਰੱਖਿਆ ਵਪਾਰ ਜ਼ੀਰੋ ਤੋਂ 18 ਅਰਬ ਡਾਲਰ ਤੱਕ ਪਹੁੰਚਿਆ ਹੈ। ਇਹ ਭਾਰਤ ਵੱਲੋਂ ਹਥਿਆਰ ਦੇ ਸਰੋਤਾਂ ਵਿਚ ਵਿਭਿੰਨਤਾ ਲਿਆਉਣ ਕਾਰਨ ਹੋਇਆ ਹੈ। ਉਨ੍ਹਾਂ ਨੇ ਕਿਹਾ,''ਅਸੀਂ ਇਸ ਵਿਚ ਲਗਾਤਾਰ ਤਰੱਕੀ ਅਤੇ ਰੱਖਿਆ ਸੰਬੰਧਾਂ ਨੂੰ ਵਧਾਉਣਾ ਚਾਹੁੰਦੇ ਹਾਂ ਪਰ ਮੁੱਦਾ ਇਹ ਹੈ ਕਿ ਭਾਰਤ ਦੇ 65 ਤੋਂ 70 ਫੀਸਦੀ ਮਿਲਟਰੀ ਉਪਕਰਨ ਰੂਸ ਵੱਲੋਂ ਬਣਾਏ ਗਏ ਹਨ।''

Vandana

This news is Content Editor Vandana