ਵਿਗਿਆਨੀਆਂ ਦਾ ਦਾਅਵਾ, ਓਜ਼ੋਨ ਪਰਤ ''ਤੇ ਬਣਿਆ ਛੇਦ ਆਪਣੇ ਆਪ ਹੋਇਆ ਠੀਕ

04/26/2020 5:57:57 PM

ਵਾਸ਼ਿੰਗਟਨ (ਬਿਊਰੋ): ਇਕ ਪਾਸੇ ਜਿੱਥੇ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ ਉੱਥੇ ਦੂਜੇ ਪਾਸੇ ਧਰਤੀ ਦੀ ਓਜ਼ੋਨ ਪਰਤ 'ਤੇ ਬਣਿਆ ਸਭ ਤੋਂ ਵੱਡਾ ਛੇਦ ਆਪਣੇ ਆਪ ਹੀ ਠੀਕ ਹੋ ਗਿਆ ਹੈ।ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਆਰਕਟਿਕ ਦੇ ਉੱਪਰ ਬਣਿਆ ਇਕ ਮਿਲੀਅਨ ਵਰਗ ਕਿਲੋਮੀਟਰ ਦਾ ਵੱਡਾ ਛੇਦ ਹੁਣ ਬੰਦ ਹੋ ਗਿਆ ਹੈ।ਵਿਗਿਆਨੀਆਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਹ ਛੇਦ ਲੱਭਿਆ ਸੀ। ਮੰਨਿਆ ਜਾ ਰਿਹਾ ਸੀ ਕਿ ਇਹ ਛੇਦ ਉੱਤਰੀ ਧਰੁਵ 'ਤੇ ਘੱਟ ਤਾਪਮਾਨ ਦੇ ਨਤੀਜੇ ਵਜੋਂ ਬਣਿਆ ਸੀ। ਇੱਥੇ ਦੱਸ ਦਈਏ ਕਿ ਓਜ਼ੋਨ ਪਰਤ 'ਤੇ ਬਣੇ ਛੇਦ ਨੂੰ ਵਿਗਿਆਨੀਆਂ ਨੇ ਇਤਿਹਾਸ ਦਾ ਸਭ ਤੋਂ ਵੱਡਾ ਛੇਦ ਕਰਾਰ ਦਿੱਤਾ ਸੀ।

ਓਜ਼ੋਨ ਪਰਤ ਸੂਰਜ ਦੀਆਂ ਖਤਰਨਾਕ ਅਲਟਰਾਵਾਇਲਟ ਕਿਰਨਾਂ ਤੋਂ ਧਰਤੀ ਦੀ ਰੱਖਿਆ ਕਰਦੀ ਹੈ, ਜੋ ਸਕਿਨ ਕੈਂਸਰ ਦਾ ਇਕ ਪ੍ਰਮੁੱਖ ਕਾਰਨ ਹੈ। ਜੇਕਰ ਇਹ ਛੇਦ ਦੱਖਣ ਦੀ ਆਬਾਦੀ ਵੱਲ ਵੱਧਦਾ ਤਾਂ ਇਸ ਨਾਲ ਇਨਸਾਨਾਂ ਲਈ ਸਿੱਧਾ ਖਤਰਾ ਪੈਦਾ ਹੋ ਜਾਂਦਾ। ਯੂਰਪੀ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ Copernicus Atmosphere Monitoring Service (CAMS) ਅਤੇ Copernicus Change Service (C3S) ਨੇ ਹੁਣ ਪੁਸ਼ਟੀ ਕੀਤੀ ਹੈ ਕਿ ਉੱਤਰੀ ਧਰੁਵ 'ਤੇ ਬਣਿਆ ਇਹ ਛੇਦ ਖੁਦ ਹੀ ਠੀਕ ਹੋ ਗਿਆ ਹੈ। ਏਜੰਸੀਂ ਵੱਲੋਂ ਕੀਤੇ ਗਏ ਹਾਲ ਹੀ ਵਿਚ ਟਵੀਟ ਇਸ ਦੇ ਪਿੱਛੇ ਦੇ ਕਾਰਨ ਦੱਸੇ ਗਏ ਹਨ। 

 

ਧਿਆਨ ਦੇਣ ਯੋਗ ਹੈ ਕਿ ਕੋਵਿਡ-19 ਲਾਕਡਾਊਨ ਦੇ ਕਾਰਨ ਧਰਤੀ ਦੀ ਓਜ਼ੋਨ ਪਰਤ ਵਿਚ ਛੇਦ ਦੇ ਖੁਦ ਠੀਕ ਹੋਣ ਦਾ ਪ੍ਰਦੂਸ਼ਣ ਵਿਚ ਆਈ ਕਮੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੀ ਬਜਾਏ ਇਹ ਪੋਲਸ ਵੋਰਟੈਕਸ ਕਾਰਨ ਹੋਇਆ ਹੈ ਜੋ ਧਰੁਵੀ ਖੇਤਰਾਂ ਵਿਚ ਠੰਡੀ ਹਵਾ ਲਿਆਉਂਦਾ ਹੈ। ਕੌਪਰਨਿਕਸ ਦਾ ਕਹਿਣਾ ਹੈ ਕਿ ਇਸ ਸਾਲ ਦਾ ਪੋਲਰ ਵੋਰਟੈਕਸ ਕਾਫੀ ਸ਼ਕਤੀਸ਼ਾਲੀ ਸੀ।

ਪੜ੍ਹੋ ਇਹ ਅਹਿਮ ਖਬਰ- ਥਾਈਲੈਂਡ 'ਚ ਫਸੇ ਭਾਰਤੀਆਂ ਨੇ ਬਿਆਨ ਕੀਤਾ ਦਰਦ, ਘਰ ਵਾਪਸੀ ਦਾ ਕਰ ਰਹੇ ਇੰਤਜ਼ਾਰ

ਵੋਰਟੈਕਸ ਦੇ ਨਤੀਜੇ ਵਜੋਂ ਸਟ੍ਰੈਟੋਸਫੇਰਿਕ ਬੱਦਲਾਂ ਦੀ ਉਤਪਤੀ ਹੋਈ ਜਿਸ ਨੇ ਸੀ.ਐੱਫ.ਸੀ. ਗੈਸਾਂ ਦੇ ਨਾਲ ਪ੍ਰਤੀਕਿਰਿਆ ਕਰਕੇ ਓਜ਼ੋਨ ਪਰਤ ਨੂੰ ਨਸ਼ਟ ਕਰ ਦਿੱਤਾ। ਇੱਥੇ ਦੱਸ ਦਈਏ ਕਿ ਇਨਸਾਨਾਂ ਵੱਲੋਂ 1987 ਵਿਚ ਮਾਂਟਰੀਅਲ ਪ੍ਰੋਟੋਕਾਲ ਵਿਚ ਸੀ.ਐੱਫ.ਸੀ. ਗੈਸਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਸੀ। ਹੁਣ ਪੋਲਰ ਵੋਰਟੈਕਸ ਕਮਜ਼ੋਰ ਪੈ ਗਿਆ ਹੈ ਜਿਸ ਦੇ ਕਾਰਨ ਓਜ਼ਨ ਪਰਤ ਵਿਚ ਸਧਾਰਨ ਸਥਿਤੀ ਵਾਪਸ ਆਈ ਹੈ। ਭਾਵੇਂਕਿ ਕੌਪਰਨਿਕਸ ਦਾ ਕਹਿਣਾ ਹੈ ਕਿ ਇਹ ਵੋਰਟੈਕਸ ਦੁਬਾਰਾ ਬਣ ਸਕਦਾ ਹੈ ਪਰ ਅਗਲੀ ਵਾਰੀ ਇਹ ਓਜ਼ੋਨ ਪਰਤ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗਾ। 

Vandana

This news is Content Editor Vandana