ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੀ ਪ੍ਰੇਮਿਕਾ ''ਤੇ ਲੱਗੇ ਦੋਸ਼, ਜਾਣੋ ਮਾਮਲਾ

02/07/2019 12:02:26 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ-ਅਮਰੀਕੀ ਨਰਸਨ ਲਿੰਗਲਾ ਅਤੇ ਉਸ ਦੀ ਪ੍ਰੇਮਿਕਾ ਸੰਧਿਆ ਰੈੱਡੀ 'ਤੇ ਲਿੰਗਲਾ ਦੀ ਪਤਨੀ ਦੀ ਹੱਤਿਆ ਕਰਨ ਲਈ ਕਿਰਾਏ ਦਾ ਕਾਤਲ ਲੈਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। 55 ਸਾਲਾ ਲਿੰਗਲਾ ਨੂੰ ਨੇਵਾਰਕ ਫੈਡਰਲ ਅਦਾਲਤ ਵਿਚ ਅਮਰੀਕੀ ਮਜਿਸਟ੍ਰੇਟ ਜੱਜ ਮਾਈਕਲ -ਏ-ਹੈਮਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਦੀ ਪ੍ਰੇਮਿਕਾ 52 ਸਾਲਾ ਰੈੱਡੀ ਨੂੰ ਵੀ ਇਸੇ ਦੋਸ਼ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ। 

ਸ਼ਿਕਾਇਤ ਮੁਤਾਬਕ ਮਈ 2018 ਵਿਚ ਲਿੰਗਲਾ ਮਿਡਲਸੈਕਸ ਕਾਊਂਟੀ ਸੁਪੀਰੀਅਰ ਕੋਰਟਹਾਊਸ ਦੀ ਜੇਲ ਵਿਚ ਬੰਦ ਸੀ। ਉੱਥੇ ਉਸ ਨੇ ਆਪਣੇ ਦੂਜੇ ਕੈਦੀ ਨੂੰ ਪੁੱਛਿਆ ਕੀ ਉਹ ਕਿਸੇ ਹੋਰ ਨੂੰ ਜਾਣਦਾ ਹੈ ਜੋ ਉਸ ਤੋਂ ਵੱਖ ਰਹਿ ਰਹੀ ਉਸ ਦੀ ਪਤਨੀ ਦਾ ਕਤਲ ਕਰ ਸਕੇ। ਕੈਦੀ ਨੇ ਦੱਸਿਆ ਕਿ ਉਹ ਅਜਿਹੇ ਇਕ ਵਿਅਕਤੀ ਨੂੰ ਜਾਣਦਾ ਹੈ। ਜੂਨ 2018 ਵਿਚ ਕੈਦੀ ਨੇ ਲਿੰਗਲਾ ਨੂੰ ਕਿਰਾਏ ਦਾ ਕਾਤਲ ਦੱਸ ਕੇ ਇਕ ਅੰਡਰਕਵਰ ਏਜੰਟ ਨਾਲ ਮਿਲਾਇਆ। ਅੰਡਰਕਵਰ ਪੁਲਸ ਕਰਮਚਾਰੀ ਨੇ ਲਿੰਗਲਾ ਤੋਂ ਪੁੱਛਿਆ ਕੀ ਉਹ ਕਤਲ ਕਰਵਾਉਣਾ ਚਾਹੁੰਦਾ ਹੈ। ਇਸ 'ਤੇ ਦੋਸ਼ੀ ਨੇ ਕਿਹਾ,''ਹਾਂ, ਮੈਂ ਚਾਹੁੰਦਾ ਹਾਂ ਕਿ ਉਹ ਔਰਤ ਪੂਰੀ ਤਰ੍ਹਾਂ ਮੇਰੀ ਜ਼ਿੰਦਗੀ ਵਿਚੋਂ ਨਿਕਲ ਜਾਵੇ ਅਤੇ ਕਦੇ ਵਾਪਸ ਨਾ ਪਰਤੇ।'' 

ਲਿੰਗਲਾ ਨੇ ਜਦੋਂ ਅੰਡਰਕਵਰ ਅਧਿਕਾਰੀ ਨੂੰ ਪੈਸੇ ਦੇਣ ਲਈ ਸੱਦਿਆ ਤਾਂ ਉਨ੍ਹਾਂ ਦੀ ਮੁਲਾਕਾਤ ਦੇ ਬਾਅਦ ਲਿੰਗਲਾ ਅਤੇ ਰੈੱਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਥੇ ਦੱਸ ਦਈਏ ਕਿ ਹੱਤਿਆ ਲਈ ਕਿਰਾਏ 'ਤੇ ਕਾਤਲ ਲੈਣ ਦੇ ਅਪਰਾਧ ਵਿਚ ਜ਼ਿਆਦਾ ਤੋਂ ਜ਼ਿਆਦਾ 10 ਸਾਲ ਜੇਲ ਦੀ ਸਜ਼ਾ ਅਤੇ 250,000 ਡਾਲਰ ਦਾ ਜੁਰਮਾਨਾ ਕੀਤਾ ਜਾਂਦਾ ਹੈ।

Vandana

This news is Content Editor Vandana