ਪਾਕਿ ਨੇ ਅੱਤਵਾਦ ਨਾਲ ਸਖਤੀ ਨਾਲ ਨਜਿੱਠਣ ਦਾ ਦਿੱਤਾ ਭਰੋਸਾ : ਬੋਲਟਨ

03/12/2019 10:29:32 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਸਾਰੇ ਅੱਤਵਾਦੀ ਸੰਗਠਨਾਂ ਨਾਲ ਦ੍ਰਿੜ੍ਹਤਾ ਨਾਲ ਨਜਿੱਠਣ ਦਾ ਭਰੋਸਾ ਦਿਵਾਇਆ ਹੈ। ਇਸ ਦੇ ਨਾਲ ਹੀ ਭਾਰਤ ਨਾਲ ਤਣਾਅ ਘੱਟ ਕਰਨ ਲਈ ਕਦਮ ਚੁੱਕਣ ਦਾ ਵੀ ਭਰੋਸਾ ਦਿੱਤਾ ਹੈ। ਬੋਲਟਨ ਨੇ ਟਵੀਟ ਵਿਚ ਕਿਹਾ ਕਿ ਉਨ੍ਹਾਂ ਨੂੰ ਇਹ ਭਰੋਸਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਿੱਤਾ ਹੈ। ਉਨ੍ਹਾਂ ਨੇ ਕਿਹਾ,''ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਜੈਸ਼-ਏ-ਮੁਹੰਮਦ ਅਤੇ ਹੋਰ ਸਰਗਰਮ ਅੱਤਵਾਦੀ ਸੰਗਠਨਾਂ ਵਿਰੁੱਧ ਠੋਸ ਕਦਮ ਚੁੱਕਣ 'ਤੇ ਗੱਲਬਾਤ ਕੀਤੀ।'' 

 

ਬੋਲਟਨ ਨੇ ਕੁਰੈਸ਼ੀ ਨਾਲ ਗੱਲਬਾਤ ਅਜਿਹੇ ਸਮੇਂ ਵਿਚ ਕੀਤੀ ਹੈ ਜਦੋਂ ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਅਮਰੀਕਾ ਦੀ ਯਾਤਰਾ 'ਤੇ ਹਨ। ਗੋਖਲੇ ਨੇ ਆਪਣੀ ਅਧਿਕਾਰਕ ਯਾਤਰਾ ਦੇ ਪਹਿਲੇ ਦਿਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਮੁਲਾਕਾਤ ਕੀਤੀ। ਬੈਠਕ 'ਤੇ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅਮਰੀਕਾ ਪਾਕਿਸਤਾਨ 'ਤੇ ਦਬਾਅ ਬਣਾਉਣਾ ਜਾਰੀ ਰੱਖੇਗਾ। 

ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰੌਬਰਟ ਪਾਲਾਡਿਨੋ ਨੇ ਕਿਹਾ,''ਵਿਦੇਸ਼ ਮੰਤਰੀ ਪੋਂਪਿਓ ਅਤੇ ਭਾਰਤ ਦੇ ਵਿਦੇਸ਼ ਸਕੱਤਰ ਗੋਖਲੇ ਨੇ ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੇ ਮਹੱਤਵ ਅਤੇ ਪਾਕਿਸਤਾਨ ਦੇ ਉਸ ਦੀ ਜ਼ਮੀਨ 'ਤੇ ਸਰਗਰਮ ਅੱਤਵਾਦੀ ਸੰਗਠਨਾਂ ਵਿਰੁੱਧ ਠੋਸ ਕਦਮ ਚੁੱਕਣ ਦੀ ਲੋੜ 'ਤੇ ਚਰਚਾ ਕੀਤੀ।'' ਉਨ੍ਹਾਂ ਨੇ ਕਿਹਾ ਕਿ ਪੋਂਪਿਓ ਨੇ ਭਰੋਸਾ ਦਿੱਤਾ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਅਮਰੀਕਾ ਭਾਰਤੀਆਂ ਅਤੇ ਭਾਰਤ ਸਰਕਾਰ ਨਾਲ ਖੜ੍ਹਾ ਹੈ।

Vandana

This news is Content Editor Vandana