ਅਮਰੀਕਾ ਨੇ ਕਿਊਬਾ ਤੇ ਵੈਨੇਜ਼ੁਏਲਾ ''ਤੇ ਲਗਾਈਆਂ ਨਵੀਆਂ ਪਾਬੰਦੀਆਂ

04/18/2019 5:35:20 PM

ਵਾਸ਼ਿੰਗਟਨ (ਬਿਊਰੋ)— ਸੰਯੁਕਤ ਰਾਜ ਅਮਰੀਕਾ ਨੇ ਬੁੱਧਵਾਰ ਨੂੰ ਕਿਊਬਾ ਅਤੇ ਵੈਨੇਜ਼ੁਏਲਾ 'ਤੇ ਨਵੀਆਂ ਪਾਬੰਦੀਆਂ ਲਗਾਈਆਂ। ਇਨ੍ਹਾਂ ਪਾਬੰਦੀਆਂ ਵਿਚ ਲੈਟਿਨ ਅਮਰੀਕੀ ਰਾਸ਼ਟਰ ਦੀ ਯਾਤਰਾ ਵੀ ਸੀਮਤ ਕਰ ਦਿੱਤੀ ਗਈ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਨਵੇਂ ਉਪਾਵਾਂ ਨੇ ਕਿਊਬਾ ਦੀਆਂ ਸਰਹੱਦੀ ਨੀਤੀਆਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਅਤੇ ਫਿਦੇਲ ਕਾਸਤਰੋ ਦੀ ਅਗਵਾਈ ਵਾਲੀ ਕਿਊਬਾ ਸਰਕਾਰ ਵੱਲੋਂ ਦੇਸ਼ ਵਿਚੋਂ ਕੱਢੇ ਲੋਕਾਂ ਦੀਆਂ ਪਹਿਲਾਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਲਈ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦਿੱਤੀ। 

ਇਸ ਦੇ ਇਲਾਵਾ ਅਮਰੀਕਾ ਨੇ ਇਹ ਐਲਾਨ ਵੀ ਕੀਤਾ ਕਿ ਕਿਊਬਾ ਦੇ ਅਮਰੀਕੀ ਨਾਗਰਿਕ ਉਸ ਟਾਪੂ 'ਤੇ ਆਪਣੇ ਰਿਸ਼ਤੇਦਾਰਾਂ ਨੂੰ 1,000 ਡਾਲਰ ਪ੍ਰਤੀ ਵਿਅਕਤੀ ਹੀ ਭੇਜ ਸਕਦੇ ਹਨ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗਦੀਓਂ ਉਤਾਰੇ ਜਾਣ ਅਤੇ ਕਿਊਬਾ ਤੇ ਨਿਕਾਰਾਗੁਆ ਸਮੇਤ ਉਨ੍ਹਾਂ ਸਾਰੇ ਦੇਸ਼ਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਵਿਚ ਇਹ ਕਦਮ ਚੁੱਕੇ ਗਏ ਹਨ। ਸਮਾਚਾਰ ਏਜੰਸੀ ਨੇ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਦੇ ਹਵਾਲੇ ਨਾਲ ਕਿਹਾ,''ਖਜ਼ਾਨਾ ਵਿਭਾਗ ਕਿਊਬਾ ਵਿਚ ਗੈਰ-ਪਰਿਵਾਰਕ ਯਾਤਰਾ ਨੂੰ ਪਾਬੰਦੀਸ਼ੁਦਾ ਕਰਨ ਲਈ ਅੱਗੇ ਦੀਆਂ ਰੈਗੁਲੇਟਰੀ ਤਬਦੀਲੀਆਂ ਨੂੰ ਲਾਗੂ ਕਰੇਗਾ। ਇਹ ਨਵੇਂ ਉਪਾਅ ਅਮਰੀਕੀ ਮੁਦਰਾ ਤੱਕ ਕਿਊਬਾ ਦੇ ਸ਼ਾਸਨ ਦੀ ਪਹੁੰਚ ਦੂਰ ਕਰਨ ਵਿਚ ਮਦਦਗਾਰ ਸਾਬਤ ਹੋਣਗੇ।'' 

ਬੋਲਟਨ ਨੇ ਸਾਲ 1961 ਦੀ 'ਬੇ ਆਫ ਪਿਗਸ' ਹਮਲੇ ਦੀ ਅਸਫਲਤਾ ਦੀ 58ਵੀਂ ਵਰ੍ਹੇਗੰਢ 'ਤੇ ਮਿਆਮੀ ਵਿਚ ਇਕ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵੈਨੇਜ਼ੁਏਲਾ ਵਿਚ ਕਈ ਕਿਊਬਾਈ ਅਸਲ ਵਿਚ ਮਿਲਟਰੀ ਅਤੇ ਖੁਫੀਆ ਏਜੰਟ ਹਨ। ਉਹ ਵੈਨੇਜ਼ੁਏਲਾ ਦੀ ਫੌਜ ਨੂੰ ਕੰਟਰੋਲ ਕਰਦੇ ਹਨ ਅਤੇ ਮਾਦੁਰੋ ਨੂੰ ਸੱਤਾ ਵਿਚ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਇਸ ਐਲਾਨ ਤੋਂ ਇਕ ਦਿਨ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਸੀ ਕਿ ਵਾਸ਼ਿੰਗਟਨ ਸਾਲ 1959 ਕਿਊਬਾ ਕ੍ਰਾਂਤੀ ਦੌਰਾਨ ਅਮਰੀਕੀ ਨਾਗਰਿਕਾਂ ਦੀ ਜ਼ਬਤ ਕੀਤੀ ਗਈ ਜਾਇਦਾਦ ਦੀ ਵਰਤੋਂ ਕਰਨ ਵਾਲੇ ਵਿਦੇਸ਼ੀ ਕਾਰੋਬਾਰਾਂ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਵੇਗਾ।

Vandana

This news is Content Editor Vandana