ਪੋਤੀ ਨੇ 15 ਸਾਲ ਤੱਕ ਫ੍ਰੀਜ਼ਰ ''ਚ ਸਾਂਭ ਕੇ ਰੱਖੀ ਦਾਦੀ ਦੀ ਲਾਸ਼, ਦੱਸੀ ਇਹ ਵਜ੍ਹਾ

05/30/2020 6:03:13 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਪੈੱਨਸਿਲਵੇਨੀਆ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 61 ਸਾਲਾ ਮਹਿਲਾ ਨੇ ਕੁਝ ਅਜਿਹਾ ਕੀਤਾ ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਪੈੱਨਸਿਲਵੇਨੀਆ ਵਿਚ ਰਹਿਣ ਵਾਲੀ ਇਸ ਮਹਿਲਾ ਨੇ 15 ਸਾਲ ਤੋਂ ਆਪਣੀ ਦਾਦੀ ਦੀ ਲਾਸ਼ ਨੂੰ ਫ੍ਰੀਜ਼ਰ ਵਿਚ ਸਾਂਭ ਕੇ ਰੱਖਿਆ ਹੋਇਆ ਸੀ। ਫਿਲਹਾਲ ਪੁਲਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵੱਲੋਂ ਕੀਤੀ ਪੁੱਛਗਿੱਛ ਵਿਚ ਹੇਠ ਲਿਖੀ ਜਾਣਕਾਰੀ ਸਾਹਮਣੇ ਆਈ ਹੈ।

ਦੋਸ਼ੀ ਮਹਿਲਾ ਨੇ ਦਿੱਤਾ ਇਹ ਬਿਆਨ
ਦੋਸ਼ੀ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਇਹ ਸਭ ਸਮਾਜਿਕ ਸੁਰੱਖਿਆ ਚੈੱਕ ਹਾਸਲ ਕਰਨ ਲਈ ਕੀਤਾ ਸੀ। ਇਸ ਯੋਜਨਾ ਦੇ ਤਹਿਤ ਰਿਟਾਇਰਡ ਅਤੇ ਅੰਗਹੀਣ ਵਿਅਕਤੀਆਂ ਦੇ ਨਾਲ-ਨਾਲ ਉਹਨਾਂ ਦੇ ਜੀਵਨ ਸਾਥੀ, ਬੱਚਿਆਂ ਅਤੇ ਉਹਨਾਂ 'ਤੇ ਨਿਰਭਰ ਲੋਕਾਂ ਨੂੰ ਵੱਡੀ ਰਾਸ਼ੀ ਮਿਲਦੀ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੀਤੇ ਸਾਲ ਫਰਵਰੀ ਵਿਚ ਉਸ ਦੇ ਘਰ ਨੂੰ ਖਰੀਦਣ ਲਈ ਦੋ ਔਰਤਾਂ ਦੇਖਣ ਲਈ ਆਈਆਂ। ਉਦੋਂ ਉਹਨਾਂ ਨੇ ਗਲੇਨੋਰਾ ਦੇਲਾਹ ਦੀ ਲਾਸ਼ ਨੂੰ ਦੇਖ ਲਿਆ ਸੀ।

ਪੁਲਸ ਛਾਣਬੀਣ 'ਚ ਸਾਹਮਣੇ ਆਈ ਇਹ ਗੱਲ
ਪੁਲਸ ਇਸ ਮਾਮਲੇ ਦੀ ਛਾਣਬੀਣ ਉਦੋਂ ਤੋਂ ਹੀ ਕਰ ਰਹੀ ਹੈ। ਇਸ ਦੌਰਾਨ ਪੁਲਸ ਨੂੰ ਪਤਾ ਚੱਲਿਆ ਕਿ ਗਲੇਨੋਰਾ ਦੀ ਮੌਤ ਸਾਲ 2004 ਵਿਚ ਹੋ ਗਈ ਸੀ। ਉਹਨਾਂ ਦੀ ਮੌਤ 97 ਸਾਲ ਦੀ ਉਮਰ ਵਿਚ ਹੋਈ ਪਰ ਉਹਨਾਂ ਦੀ ਪੋਤੀ ਸਿੰਥਿਆ ਕੈਰੋਲਿਨ ਬਲੈਕ (61) ਨੇ ਉਹਨਾਂ ਦੀ ਲਾਸ਼ ਨੂੰ ਤਹਿਖਾਨੇ ਵਿਚ ਸਥਿਤ ਇਕ ਫ੍ਰੀਜ਼ਰ ਵਿਚ ਰੱਖ ਦਿੱਤਾ ਤਾਂ ਜੋ ਉਹ ਗਲੇਨੋਰਾ ਨੂੰ ਮਿਲਣ ਵਾਲੀਆਂ ਹਰ ਤਰ੍ਹਾਂ ਦੀਆਂ ਯੋਜਨਾਵਾਂ ਦਾ ਲਾਭ ਲੈ ਸਕੇ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਾਲ 2001 ਤੋਂ ਲੈ ਕੇ 2010 ਤੱਕ ਗਲੇਨੋਰਾ ਨੂੰ 186,000 ਡਾਲਰ ਮਿਲੇ ਪਰ ਇਸ ਗੱਲ ਦਾ ਪਤਾ ਨਹੀਂ ਚੱਲ ਪਾਇਆ ਹੈ ਕਿ ਇਸ ਵਿਚੋਂ ਕਿੰਨੀ ਰਾਸ਼ੀ ਸਿੰਥਿਆ ਨੇ ਲਈ।

ਗ੍ਰਿਫਤਾਰੀ 'ਚ ਹੋਈ ਦੇਰੀ
ਸਿੰਥਿਆ ਆਪਣੀ ਦਾਦੀ ਦੀ ਮੌਤ ਤੋਂ ਪਹਿਲਾਂ ਹੀ ਉਹਨਾਂ ਦੇ ਨਾਲ ਰਹਿੰਦੀ ਸੀ। ਉਹ ਸਾਲ 2007 ਵਿਚ ਕਥਿਤ ਤੌਰ 'ਤੇ ਲਾਸ਼ ਨੂੰ ਅਰਮਦੋਰ ਤੋਂ 100 ਮੀਲ ਦੂਰ ਮਿਲਸਬਰਗ ਲੈ ਗਈ। ਅਜਿਹਾ ਉਸ ਨੇ ਗਲੇਨੋਰਾ ਨੂੰ ਮਿਲਣ ਵਾਲੀ ਰਾਸ਼ੀ ਵਰਤਣ ਲਈ ਕੀਤਾ ਸੀ। ਬਾਅਦ ਵਿਚ ਸਿੰਥਿਆ ਨੇ ਆਪਣਾ ਘਰ ਬਦਲ ਦਿੱਤਾ ਪਰ ਆਪਣੀ ਦਾਦੀ ਦੀ ਲਾਸ਼ ਪੁਰਾਣੇ ਘਰ ਵਿਚ ਹੀ ਰਹਿਣ ਦਿੱਤੀ। ਜਦੋਂ ਇਸ ਪੁਰਾਣੇ ਘਰ ਨੂੰ ਖਰੀਦਣ ਲਈ ਕੁਝ ਲੋਕ ਆਏ ਤਾਂ ਉਹਨਾਂ ਨੇ ਲਾਸ਼ ਦੇਖ ਲਈ। ਇਸ ਮਗਰੋਂ ਇਹਨਾਂ ਲੋਕਾਂ ਨੇ ਪੁਲਸ ਨੂੰ ਫੋਨ ਕੀਤਾ ਭਾਵੇਂਕਿ ਇਹ ਹਾਲੇ ਤੱਕ ਪਤਾ ਨਹੀਂ ਚੱਲ ਪਿਆ ਹੈ ਕਿ ਸਿੰਥਿਆ ਨੂੰ ਗ੍ਰਿਫਤਾਰ ਕਰਨ ਵਿਚ 15 ਮਹੀਨੇ ਦਾ ਸਮਾਂ ਕਿਉਂ ਲੱਗਾ।

ਗੁਆਂਢੀਆਂ ਨੇ ਦਿੱਤਾ ਇਹ ਬਿਆਨ
ਸਿੰਥਿਆ ਦੇ ਨਾਲ ਉਸ ਘਰ ਵਿਚ 55 ਸਾਲਾ ਗ੍ਰੇਨ ਬਲੈਕ ਵੀ ਰਹਿੰਦਾ ਸੀ ਜਿੱਥੇ ਲਾਸ਼ ਬਰਾਮਦ ਹੋਈ ਹੈ। ਇਹ ਸ਼ਖਸ ਫਿਲਹਾਲ ਜੇਲ ਵਿਚ ਹੈ। ਇਸ ਨੇ ਫਰਵਰੀ 2018 ਵਿਚ ਕਿਸੇ ਵਿਅਕਤੀ 'ਤੇ ਹਮਲਾ ਕਰ ਦਿੱਤਾ ਸੀ। ਇਹਨਾਂ ਦੇ ਗੁਆਂਢੀਆਂ ਦਾ ਕਹਿਣਾ ਹੈਕਿ ਇਹ ਲੋਕ ਫ੍ਰੀਜ਼ਰ ਅਤੇ ਆਪਣੀ ਦਾਦੀ ਦੀ ਲਾਸ਼ ਨੂੰ ਛੱਡ ਕੇ ਬਾਕੀ ਸਾਰਾ ਸਾਮਾਨ ਲੈ ਕੇ ਦੂਜੇ ਘਰ ਚਲੇ ਗਏ ਸਨ। ਇਹ ਲੋਕ ਆਪਣੇ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨਾਲ ਬਿਲਕੁੱਲ ਵੀ ਗੱਲ ਨਹੀਂ ਕਰਦੇ ਸਨ।
 

Vandana

This news is Content Editor Vandana