ਅਮਰੀਕਾ : ਕੈਪੀਟਲ ਹਿੱਲ ਦੇ ਬਾਹਰ ਪੁਲਸ ਮੁਲਾਜ਼ਮਾਂ ''ਤੇ ਹੋਏ ਹਮਲੇ ’ਚ 1 ਦੀ ਮੌਤ

04/03/2021 3:58:55 PM

ਵਾਸ਼ਿੰਗਟਨ (ਏ. ਪੀ.) : ਅਮਰੀਕੀ ਕੈਪੀਟਲ ਹਿੱਲ ਦੇ ਬਾਹਰ ਪੁਲਸ ਮੁਲਾਜ਼ਮਾਂ ’ਤੇ ਹੋਏ ਹਿੰਸਕ ਹਮਲੇ ’ਚ ਦੋ ਪੁਲਸ ਅਧਿਕਾਰੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਸਰੇ ਦੀ ਹਾਲਤ ਗੰਭੀਰ ਹੈ। ਮਾਮਲੇ ਬਾਰੇ ਸਥਾਨਕ ਪੁਲਸ ਨੇ ਦੱਸਿਆ ਕਿ ਇਕ ਗੱਡੀ ਨੇ ਸੁਰੱਖਿਆ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਗੱਡੀ ਦੇ ਡਰਾਈਵਰ ਨੇ ਪੁਲਸ ਅਧਿਕਾਰੀਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਸ਼ੱਕੀ ਗੱਡੀ ਚਾਲਕ ਉੱਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਇਥੇ ਇਕ ਵਾਰ ਫਿਰ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਿਡੇਨ ਨੇ ਮ੍ਰਿਤਕ ਪੁਲਸ ਮੁਲਾਜ਼ਮ ਵਿਲੀਅਮ ਇਵਾਨਜ਼ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਈਡੇਨ ਨੇ ਇਕ ਬਿਆਨ ’ਚ ਕਿਹਾ, ‘‘ਯੂ. ਐੱਸ. ਕੈਪੀਟਲ ਹਿੱਲ ਦੇ ਬਾਹਰ ਸੁਰੱਖਿਆ ਚੌਕੀ ਉੱਤੇ ਹੋਏ ਹਿੰਸਕ ਹਮਲੇ ਬਾਰੇ ਜਾਣ ਕੇ ਮੈਨੂੰ ਅਤੇ ਜਿਲ ਨੂੰ ਬਹੁਤ ਦੁੱਖ ਹੋਇਆ।’’
ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਹਮਲਾਵਰ ਦੀ ਪਛਾਣ ਨੌਹਾਂ ਗਰੀਨ ਵਜੋਂ ਕੀਤੀ ਹੈ, ਜਿਸ ਦੀ ਉਮਰ 25 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੰਡੀਆਨਾ ਦਾ ਰਹਿਣ ਵਾਲਾ ਸੀ। ਫਿਲਹਾਲ ਇਹ ਪਤਾ ਨਹੀਂ ਲੱਗਾ ਕਿ ਉਸ ਵਲੋਂ ਹਮਲਾ ਕਿਉਂ ਕੀਤਾ ਗਿਆ। ਉਥੇ ਹੀ ਵਾਸ਼ਿੰਗਟਨ ਪੁਲਸ ਦਾ ਕਹਿਣਾ ਹੈ ਕਿ ਹਾਲੇ ਇਹ ਸਾਫ ਨਹੀਂ ਹੋਇਆ ਹੈ ਕਿ ਇਹ ਅੱਤਵਾਦੀ ਹਮਲਾ ਸੀ ਜਾਂ ਫਿਰ ਨਹੀਂ ਪਰ ਅਸੀਂ ਆਪਣੀ ਜਾਂਚ ਜਾਰੀ ਰੱਖਾਂਗੇ।

Shyna

This news is Content Editor Shyna