ਵੈਕਸੀਨ ਨਿਰਮਾਣ ''ਤੇ ਭਾਰਤ ਨਾਲ ਅਮਰੀਕਾ ਦਾ ਕੰਮ ਲੋਕਾਂ ਦੀਆਂ ਜਾਨਾਂ ਬਚਾਅ ਰਿਹਾ ਹੈ: DFC ਮੁਖੀ

10/23/2021 3:53:51 PM

ਵਾਸ਼ਿੰਗਟਨ (ਭਾਸ਼ਾ) - ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਯੂ.ਐੱਸ. ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (ਡੀ.ਐੱਫ.ਸੀ.) ਦੇ ਮੁਖੀ ਡੇਵਿਡ ਮਾਰਚਿਕ ਨੇ ਕਿਹਾ ਕਿ ਭਾਰਤ ਟੀਕਿਆਂ ਦਾ ਪਾਵਰ ਹਾਊਸ ਹੈ ਅਤੇ ਟੀਕੇ ਦੇ ਨਿਰਮਾਣ ਵਿਚ ਦੇਸ਼ ਦੇ ਨਾਲ ਅਮਰੀਕਾ ਦੇ ਕੰਮ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚ ਰਹੀਆਂ ਹਨ। ਡੀ.ਐੱਫ.ਸੀ ਅਮਰੀਕਾ ਦਾ ਵਿਕਾਸ ਬੈਂਕ ਹੈ ਜੋ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਨਿਵੇਸ਼ ਕਰਦਾ ਹੈ। ਡੀ.ਐੱਫ.ਸੀ ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਮਾਰਚਿਕ ਦੀ ਅਗਵਾਈ ਵਿਚ ਇਕ ਉੱਚ ਅਧਿਕਾਰ ਪ੍ਰਾਪਤ ਵਫ਼ਦ 24 ਤੋਂ 26 ਅਕਤੂਬਰ ਤੱਕ ਭਾਰਤ ਦਾ ਦੌਰਾ ਕਰੇਗਾ।

ਉਨ੍ਹਾਂ ਕਿਹਾ ਕਿ ਭਾਰਤ ਡੀ.ਐੱਫ.ਸੀ ਦੀ 2.3 ਅਰਬ ਡਾਲਰ ਤੋਂ ਜ਼ਿਆਦਾ ਧੰਨਰਾਸ਼ੀ ਦੇ ਨਿਵੇਸ਼ ਲਈ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡਾ ਭਾਈਵਾਲ ਹੈ। ਪੀ.ਟੀ.ਆਈ.-ਭਾਸ਼ਾ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਕਿਹਾ, 'ਸਾਡੇ ਕੋਲ ਇਕ ਮਹੱਤਵਪੂਰਨ ਯੋਜਨਾ ਹੈ। ਅਸੀਂ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਅਤੇ ਅਮਰੀਕਾ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਮਜ਼ਬੂਤ​ਕਰਨ ਲਈ ਭਾਰਤ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ, ਬਹੁਤ ਉਤਸ਼ਾਹਿਤ ਹਾਂ।' DFC ਦੇ ਸੀ.ਓ.ਓ. ਇਸ ਸਮੇਂ ਦੱਖਣੀ ਅਫ਼ਰੀਕਾ ਦੀ ਯਾਤਰਾ ਕਰ ਰਹੇ ਹਨ ਜਿੱਥੋਂ ਉਨ੍ਹਾਂ ਦਾ ਭਾਰਤ ਆਉਣ ਦਾ ਪ੍ਰੋਗਰਾਮ ਹੈ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, 'ਆਮ ਤੌਰ 'ਤੇ ਡੀ.ਐੱਫ.ਸੀ. ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਦਾ ਹੈ। ਵੈਕਸੀਨ ਨਿਰਮਾਣ 'ਤੇ ਭਾਰਤ ਦੇ ਨਾਲ ਸਾਡਾ ਕੰਮ ਲੋਕਾਂ ਦੀਆਂ ਜ਼ਿੰਦਗੀਆਂ ਬਚਾਅ ਰਿਹਾ ਹੈ।' ਉਨ੍ਹਾਂ ਕਿਹਾ, 'ਭਾਰਤ ਟੀਕੇ ਦਾ ਪਾਵਰਹਾਊਸ ਹੈ। ਉਸ ਕੋਲ ਇਸ ਖੇਤਰ ਵਿਚ ਬਹੁਤ ਸਾਰੀਆਂ ਨਵੀਨਤਾਕਾਰੀ ਅਤੇ ਰਚਨਾਤਮਕ ਕੰਪਨੀਆਂ ਹਨ। ਉਹ ਵੱਡੀ ਗਿਣਤੀ ਵਿਚ ਟੀਕੇ ਤਿਆਰ ਕਰ ਰਹੀਆਂ ਹਨ। ਮਹਾਮਾਰੀ ਨਾਲ ਨਜਿੱਠਣ ਲਈ ਨਿਸ਼ਚਤ ਤੌਰ 'ਤੇ ਭਾਰਤ ਇਕ ਮਹੱਤਵਪੂਰਣ ਹਿੱਸਾ ਹੈ।' ਮਾਰਚਿਕ ਨੇ ਕਿਹਾ ਕਿ ਭਾਰਤ ਦਾ ਇਕ ਅਰਬ ਟੀਕੇ ਲਗਾਉਣ ਦਾ ਟੀਚਾ ਅਸਾਧਾਰਨ ਹੈ। ਉਨ੍ਹਾਂ ਕਿਹਾ ਕਿ ਡੀ.ਐੱਫ.ਸੀ. ਦਾ ਧਿਆਨ ਵਿਸ਼ੇਸ਼ ਤੌਰ 'ਤੇ ਚਾਰ ਖੇਤਰਾਂ - ਜਲਵਾਯੂ, ਸਿਹਤ, ਇਕੁਇਟੀ ਅਤੇ ਤਕਨਾਲੋਜੀ 'ਤੇ ਹੈ। ਸਪੱਸ਼ਟ ਹੈ ਕਿ ਭਾਰਤ ਦੀ ਅਰਥਵਿਵਸਥਾ ਦੇ ਵਿਕਾਸ ਲਈ ਇਹ ਚਾਰ ਮਹੱਤਵਪੂਰਨ ਖੇਤਰ ਹਨ।

cherry

This news is Content Editor cherry