ਰੂਸੀ ਐੱਸ-400 ਪ੍ਰਣਾਲੀ ਖਰੀਦਣ ਨੂੰ ਲੈ ਕੇ ਅਮਰੀਕਾ ਨੇ ਦਿੱਤੀ ਭਾਰਤ ਨੂੰ ਚਿਤਾਵਨੀ

06/23/2019 12:57:14 PM

ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਭਾਰਤ ਆਉਣ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਰੂਸੀ ਐੱਸ-400 ਪ੍ਰਣਾਲੀ ਨਾ ਖਰੀਦਣ ਲਈ ਚਿਤਾਵਨੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਭਾਰਤ ਅਜਿਹਾ ਕਰੇਗਾ ਤਾਂ ਉਸ 'ਤੇ ਸੀ. ਏ. ਏ. ਟੀ. ਐੱਸ. ਰੋਕ ਲਾਗੂ ਕਰ ਸਕਦੇ ਹਨ। 

ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਉੱਚ ਅਫਸਰ ਨੇ ਇਕ ਸੰਮੇਲਨ ਦੌਰਾਨ ਕਿਹਾ ਕਿ ਐੱਸ-400 ਦੇ ਸਬੰਧ 'ਚ ਅਮਰੀਕਾ ਹੁਣ ਭਾਰਤ ਸਮੇਤ ਆਪਣੇ ਸਾਰੇ ਸਾਥੀ ਦੇਸ਼ਾਂ ਨੂੰ ਅਪੀਲ ਕਰਦਾ ਹੈ ਕਿ ਉਹ ਰੂਸ ਨਾਲ ਕੋਈ ਲੈਣ-ਦੇਣ ਨਾ ਕਰਨ, ਨਹੀਂ ਤਾਂ ਉਸ ਦੇਸ਼ 'ਤੇ ਸੀ. ਏ. ਏ. ਟੀ. ਐੱਸ. (ਅਮਰੀਕੀ ਸਲਾਹ ਨਾ ਮੰਨਣ 'ਤੇ) ਰੋਕ ਲਗਾਈ ਜਾ ਸਕਦੀ ਹੈ। ਅਮਰੀਕਾ ਪਹਿਲਾਂ ਹੀ ਰੂਸੀ ਪ੍ਰਣਾਲੀ ਦੀ ਖਰੀਦ ਨੂੰ ਲੈ ਕੇ ਨਾਟੋ ਦੇ ਸਹਿਯੋਗੀ ਤੁਰਕੀ ਦੇਸ਼ ਨਾਲ ਖਿੱਚੋਤਾਣ ਦਿਖਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਭਾਰਤ ਨੇ ਰੂਸ ਤੋਂ 5 ਐੱਸ-400 ਪ੍ਰਣਾਲੀਆਂ ਖਰੀਦਣ ਲਈ 5.43 ਅਰਬ ਡਾਲਰ ਦਾ ਸੌਦਾ ਪਿਛਲੇ ਸਾਲ ਹੀ 5 ਅਕਤਬੂਰ ਨੂੰ ਨਵੀਂ ਦਿੱਲੀ 'ਚ ਕਰ ਲਿਆ ਸੀ। ਅਮਰੀਕੀ ਰੋਕ ਦੀ ਧਮਕੀ ਦੇ ਬਾਵਜੂਦ ਭਾਰਤ ਨੇ ਇਹ ਸੌਦਾ ਰੂਸ ਨਾਲ ਕੀਤਾ ਸੀ। ਅਮਰੀਕਾ ਨੇ ਐੱਸ-400 ਦੀ ਖਰੀਦ 'ਤੇ ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਅਪ੍ਰਤੱਖ ਰੂਪ ਨਾਲ ਭਾਰਤ ਨੂੰ ਚਿਤਾਵਨੀ ਦਿੱਤੀ ਸੀ। ਉਸ ਸਮੇਂ ਉਸ ਨੇ ਕਿਹਾ ਸੀ ਕਿ ਰੂਸੀ ਰੱਖਿਆ ਸੌਦੇ ਦੇ ਚਲਦੇ ਭਾਰਤ-ਅਮਰੀਕਾ ਹਥਿਆਰਬੰਦ ਸੌਦੇ 'ਚ ਵੀ ਨੁਕਸਾਨ ਚੁੱਕਣਾ ਪੈ ਸਕਦਾ ਹੈ।