'ਸੇਵਾ ਟਰੱਕ' ਜ਼ਰੀਏ ਮਨੁੱਖਤਾ ਦੀ ਸੇਵਾ ਕਰਕੇ ਪੰਜਾਬੀ ਨੇ ਕਾਇਮ ਕੀਤੀ ਮਿਸਾਲ

12/10/2019 6:02:20 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਸ਼ਖਸ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਇਸ ਸਿੱਖ ਨੂੰ ਅਤੇ ਉਸ ਦੇ ਨਾਰੰਗੀ ਰੰਗ ਦੇ ਟਰੱਕ ਨੂੰ ਵਾਸ਼ਿੰਗਟਨ ਵਿਚ ਹਰ ਕੋਈ ਪਛਾਣਦਾ ਹੈ। ਇਸ 'ਸੇਵਾ ਟਰੱਕ' ਜ਼ਰੀਏ ਸਕੂਲਾਂ ਅਤੇ ਸਮਾਜਿਕ ਕੰਮ ਕਰਨ ਵਾਲਿਆਂ ਵਾਲੇ ਸੰਗਠਨਾਂ ਸਮੇਤ ਉਹਨਾਂ ਸਥਾਨਕ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਜਿਹਨਾਂ ਨੂੰ ਇਸ ਦੀ ਲੋੜ ਹੁੰਦੀ ਹੈ। ਸੰਨੀ ਕੱਕੜ ਬੀਤੇ 3 ਸਾਲਾਂ ਤੋਂ ਮਨੁੱਖੀ ਭਲਾਈ ਦਾ ਇਹ ਕੰਮ ਕਰ ਰਹੇ ਹਨ। ਇਸ ਜ਼ਰੀਏ ਅੱਜ ਉਹ 20 ਹਜ਼ਾਰ ਲੋਕਾਂ ਦਾ ਪੇਟ ਭਰਦੇ ਹਨ।

ਇਸ ਨੇਕ ਕੰਮ ਲਈ ਸੰਨੀ ਨੇ ਪੁਰਾਣਾ ਫੇਡਐਕਸ ਟਰੱਕ ਖਰੀਦਿਆ ਅਤੇ ਉਸ ਨੂੰ ਨਾਰੰਗੀ ਰੰਗ ਕਰਕੇ 'ਸੇਵਾ ਟਰੱਕ' ਦਾ ਨਾਮ ਦਿੱਤਾ। ਇਸ ਟਰੱਕ 'ਤੇ ਉਹਨਾਂ ਨੇ ਲਿਖਿਆ ਹੈ- ਫ੍ਰੀ ਮੀਲ ਸਰਵਿਸ। ਸਾਡਾ ਉਦੇਸ਼ ਭੁੱਖ ਨਾਲ ਲੜਨਾ ਹੈ। ਇਨਸਾਨੀਅਤ ਦੀ ਸੇਵਾ ਕਰਨਾ ਅਤੇ ਏਕਤਾ ਬਣਾਉਣਾ ਹੈ। ਸੰਨੀ ਦੀ ਇਸ ਪਹਿਲ ਦਾ ਵਿਸ਼ੇਸ਼ ਰੂਪ ਨਾਲ ਬੱਚਿਆਂ ਨੂੰ ਫਾਇਦਾ ਹੁੰਦਾ ਹੈ।

ਸੰਨੀ ਨੇ ਦੱਸਿਆ ਕਿ ਜਿਹੜੇ ਸਕੂਲਾਂ ਵਿਚ ਸੇਵਾ ਟਰੱਕ ਜ਼ਰੀਏ ਪਿਛਲੇ 3 ਸਾਲਾਂ ਵਿਚ ਨਿਯਮਿਤ ਰੂਪ ਨਾਲ ਭੋਜਨ ਪਹੁੰਚਾਇਆ ਜਾ ਰਿਹਾ ਹੈ, ਉੱਥੇ ਵਿਦਿਆਰਥੀਆਂ ਦੀ ਹਾਜ਼ਰੀ 30 ਫੀਸਦੀ ਵਧੀ ਹੈ। ਇਸ ਸਫਲਤਾ ਨਾਲ ਉਤਸ਼ਾਹਿਤ ਸੰਨੀ ਨੇ ਮਿਸ਼ੀਗਨ ਵਿਚ ਵੀ ਇਸ ਪਹਿਲ ਨੂੰ ਸ਼ੁਰੂ ਕੀਤਾ ਹੈ। ਉਹਨਾਂ ਨੂੰ ਆਸ ਹੈ ਕਿ ਦੇਸ਼ ਭਰ ਵਿਚ ਇਹ ਪਹਿਲ ਫੈਲੇਗੀ ਅਤੇ ਕਿਸੇ ਨੂੰ ਭੁੱਖੇ ਪੇਟ ਸੋਣਾ ਨਹੀਂ ਪਵੇਗਾ।

ਸਿਰਫ 3 ਸਾਲ ਵਿਚ ਹੀ ਇਹ ਸੇਵਾ ਟਰੱਕ ਇਲਾਕੇ ਦਾ ਮਾਣ ਬਣ ਗਿਆ ਹੈ। ਸੰਨੀ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਉਦੋਂ ਇਸ ਤਰ੍ਹਾਂ ਦੀ ਪਹਿਲ ਦੀ ਲੋੜ ਸੀ। ਸੰਨੀ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਮਾਜ ਇਕ ਅਜਿਹੇ ਮੁਕਾਮ 'ਤੇ ਪਹੁੰਚੇਗਾ ਜਿੱਥੇ ਉਹ ਖੁਦ ਦੀ ਸੇਵਾ ਕਰਨ ਦੇ ਬਾਰੇ ਵਿਚ ਨਾ ਸੋਚੇ, ਸਗੋਂ ਵੱਡੇ ਪੱਧਰ 'ਤੇ ਸੇਵਾ ਕਰੇ।
 

Vandana

This news is Content Editor Vandana