ਅਮਰੀਕਾ : ਯੂਬਾ ਸਿਟੀ ਚੋਣਾਂ ''ਚ ਸਿੱਖਾਂ ਦੀ ਹੋਈ ਬੱਲੇ-ਬੱਲੇ

03/05/2020 12:53:01 PM

ਨਿਊਯਾਰਕ/ਯੂਬਾ ਸਿਟੀ, (ਰਾਜ ਗੋਗਨਾ )— ਕੈਲੀਫੋਰਨੀਆ ਦੇ ਯੂਬਾ ਸਿਟੀ 'ਚ 2020 ਪ੍ਰਾਇਮਰੀ ਚੋਣਾਂ ਲਈ 3 ਸਿੱਖ ਉਮੀਦਵਾਰ ਵੀ ਚੋਣ ਮੈਦਾਨ 'ਚ ਨਿੱਤਰੇ ਸਨ। ਇਨ੍ਹਾਂ ਵਿਚੋਂ ਇਕ ਉਮੀਦਵਾਰ ਕਰਮਦੀਪ ਬੈਂਸ ਸਪੁੱਤਰ ਸ. ਦੀਦਾਰ ਸਿੰਘ ਬੈਂਸ ਨੇ ਡਿਸਟ੍ਰਿਕ-4 ਤੋਂ ਸੁਪਰਵਾਈਜ਼ਰ ਦੀ ਚੋਣ ਵੱਡੇ ਫਰਕ ਨਾਲ ਜਿੱਤ ਲਈ ਹੈ। ਕਰਮ ਬੈਂਸ ਨੂੰ 43.55 ਫੀਸਦੀ ਵੋਟਾਂ ਹਾਸਲ ਹੋਈਆਂ ਜਦਕਿ ਉਸ ਦੇ ਵਿਰੋਧੀ ਸਟੇਸੀ ਬਰੂਕਮੈਨ ਨੂੰ 29.02 ਫੀਸਦੀ ਅਤੇ ਤੇਜਮਾਨ ਨੂੰ 27.43 ਫੀਸਦੀ ਵੋਟਾਂ ਪ੍ਰਾਪਤ ਹੋਈਆਂ।

ਕਰਮ ਬੈਂਸ ਦਸਤਾਰਧਾਰੀ ਸਿੱਖ ਹੋਣ ਦੇ ਬਾਵਜੂਦ ਵੀ ਇਹ ਚੋਣ ਜਿੱਤਣ 'ਚ ਉਹ ਕਾਮਯਾਬ ਰਹੇ, ਜਿਸ ਦੇ ਲਈ ਇਥੋਂ ਦੀ ਸਿੱਖ ਕੌਮ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।ਇੱਥੇ ਇਹ ਗੱਲ ਜਿਕਰਯੋਗ ਹੈ ਕਿ ਕਰਮਦੀਪ ਬੈਂਸ ਕੈਲੀਫੋਰਨੀਆ ਦੀ ਕਿਸੇ ਵੀ ਮਿਆਰੀ ਚੋਣ 'ਚ ਜਿੱਤ ਹਾਸਲ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣ ਗਏ ਹਨ। ਕੈਲੀਫੋਰਨੀਆ ਦੀ ਸਟਰ ਕਾਊਂਟੀ ਦੇ ਹੀ ਡਿਸਟ੍ਰਿਕ-5 ਤੋਂ ਮੌਜੂਦਾ ਸੁਪਰਵਾਈਜ਼ਰ ਮੈਟਕੋਨੈਂਟ 47.78 ਫੀਸਦੀ ਵੋਟਾਂ ਹਾਸਲ ਕਰਕੇ ਦੁਬਾਰਾ ਸੁਪਰਵਾਈਜ਼ਰ ਚੁਣੇ ਗਏ ਹਨ। ਜਦਕਿ ਸਿੱਖ ਉਮੀਦਵਾਰ ਸਰਬ ਥਿਆੜਾ 31.22 ਫੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੇ। ਸਰਬ ਥਿਆੜਾ ਅਮਰੀਕੀ ਚੋਣਾਂ ਵਿਚ ਪਹਿਲੀ ਵਾਰ ਕਿਸਮਤ ਅਜਮਾਉਣ ਆਏ ਸਨ ਅਤੇ ਉਨ੍ਹਾਂ ਨੂੰ ਇਸ ਚੋਣ ਵਿਚ ਬਹੁਤ ਹੀ ਵਧੀਆ ਭਰਵਾਂ ਹੁੰਗਾਰਾ ਹਾਸਲ ਹੋਇਆ। ਤੀਜੇ ਸਥਾਨ 'ਤੇ ਆਉਣ ਵਾਲੇ ਜੌਹਨ ਬੱਕਲੈਂਡ ਨੂੰ ਕੇਵਲ 21 ਫੀਸਦੀ ਵੋਟਾਂ ਹੀ ਹਾਸਲ ਹੋਈਆਂ।