ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਦ ''ਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਨੂੰ ਦਸਿਆ ''ਕਾਲਪਨਿਕ''

06/23/2019 2:30:23 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਉਪਰ ਲੱਗੇ ਬਲਾਤਕਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਟਰੰਪ ਨੇ ਆਖਿਆ ਕਿ ਇਹ ਦੋਸ਼ ਪੂਰੀ ਤਰ੍ਹਾਂ ਨਾਲ 'ਕਾਲਪਨਿਕ' ਹਨ। ਇਕ ਮਹਿਲਾ ਨੇ ਦੋਸ਼ ਲਾਇਆ ਸੀ ਕਿ ਟਰੰਪ ਨੇ ਮੈਨਹੱਟਨ ਦੇ ਡਿਪਾਰਟਮੈਂਟਲ ਸਟੋਰ 'ਚ ਉਨ੍ਹਾਂ ਦਾ ਬਲਾਤਕਾਰ ਕੀਤਾ ਸੀ। ਮਹਿਲਾ ਦਾ ਆਖਣਾ ਹੈ ਕਿ ਇਹ ਘਟਨਾ 90 ਦੇ ਦਹਾਕੇ ਦੀ ਹੈ।
ਈ. ਜਾਨ ਕੈਰੋਲ ਨਾਂ ਦੀ 75 ਸਾਲਾ ਮਹਿਲਾ, ਜੋ ਇਕ ਟੀ. ਵੀ. ਸ਼ੋਅ ਹੋਸਟ ਅਤੇ ਲੇਖਿਕਾ ਹੈ। ਉਸ ਨੇ ਨਿਊਯਾਰਕ ਮੈਗਜ਼ੀਨ 'ਚ ਛਪੇ ਇਕ ਲੇਖ 'ਚ ਇਹ ਦੋਸ਼ ਲਾਇਆ ਹੈ। ਮਹਿਲਾ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਇਸ ਘਟਨਾ ਦੀ ਰਿਪੋਰਟ ਇਸ ਲਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਇਕ ਦੋਸਤ ਨੇ ਉਸ ਸਮੇਂ ਸਲਾਹ ਦਿੱਤੀ ਸੀ ਕਿ ਉਸ ਦੇ ਜਿੱਤਣ ਦੀ ਕੋਈ ਉਮੀਦ ਨਹੀਂ ਹੈ। ਉਥੇ ਰਾਸ਼ਟਰਪਤੀ ਟਰੰਪ ਨੇ ਦੋਸ਼ਾਂ ਨੂੰ ਕਾਲਪਨਿਕ ਦੱਸਦੇ ਹੋਏ ਕਿਹਾ ਕਿ ਉਹ ਉਸ ਮਹਿਲਾ ਨੂੰ ਕਦੇ ਨਹੀਂ ਮਿਲੇ ਅਤੇ ਉਹ ਸਿਰਫ ਆਪਣੀ ਨਵੀਂ ਕਿਤਾਬ ਦੀ ਵਿਕਰੀ ਵਧਾਉਣ ਲੀ ਅਜਿਹਾ ਕਰ ਰਹੀ ਹੈ। ਇਸ ਤੋਂ ਪਹਿਲਾ ਕਰੀਬ 1 ਦਰਜਨ ਮਹਿਲਾਵਾਂ ਟਰੰਪ ਦੇ ਖਿਲਾਫ ਯੌਨ ਸ਼ੋਸ਼ਣ ਦਾ ਦੋਸ਼ ਲਾ ਚੁੱਕੀਆਂ ਹਨ, ਜਿਨਾਂ ਨੂੰ ਟਰੰਪ ਨੇ ਪੂਰੀ ਤਰ੍ਹਾਂ ਨਕਾਰਿਆ ਹੈ।
ਮੈਗਜ਼ੀਨ 'ਚ ਛਪੇ ਲੇਖ 'ਚ ਉਸ ਘਟਨਾ ਦਾ ਜ਼ਿਕਰ ਕਰਦੇ ਹੋਏ ਕੈਰੋਲ ਨੇ ਦੱਸਿਆ ਕਿ ਉਹ ਟਰੰਪ ਨੂੰ ਪਹਿਲੀ ਵਾਰ 1995 ਜਾਂ 1996 'ਚ ਬ੍ਰੈਗਡਾਰਫ ਗੁਡਮੈਨ ਡਿਪਾਰਟਮੈਂਟ ਸਟੋਰ 'ਚ ਮਿਲੀ ਸੀ। ਮਹਿਲਾ ਨੇ ਦੱਸਿਆ ਕਿ ਉਹ ਟਰੰਪ ਨੂੰ ਰੀਅਲ ਅਸਟੇਟ ਟਾਇਕੂਨ ਦੇ ਤੌਰ 'ਤੇ ਜਾਣਦੀ ਸੀ। ਉਸ ਦੌਰਾਨ ਟਰੰਪ ਨੇ ਮਹਿਲਾ ਨੂੰ ਆਖਿਆ ਸੀ ਕਿ ਉਹ ਇਕ ਲੜਕੀ ਲਈ ਤੋਹਫਾ ਖਰੀਦ ਰਹੇ ਹਨ। ਮਹਿਲਾ ਨੇ ਦੋਸ਼ ਲਗਾਇਆ ਕਿ ਟਰੰਪ ਜਾਣਦੇ ਸਨ ਕਿ ਉਹ ਇਕ ਟੀ. ਵੀ. ਪ੍ਰਜੈਂਟੇਟਰ ਹਨ। ਦੋਹਾਂ ਵਿਚਾਲੇ ਥੋੜੀ ਗੱਲਬਾਤ ਹੋਈ। ਇਸ ਤੋਂ ਬਾਅਦ ਦੋਵੇਂ ਡ੍ਰੈਸਿੰਗ ਰੂਮ ਵੱਲ ਗਏ। ਮਹਿਲਾ ਦਾ ਦੋਸ਼ ਹੈ ਕਿ ਟਰੰਪ ਨੇ ਇਸ ਥਾਂ ਉਸ ਦਾ ਬਲਾਤਕਾਰ ਕੀਤਾ।
ਮਹਿਲਾ ਦਾ ਆਖਣਾ ਹੈ ਕਿ ਉਨ੍ਹਾਂ ਨੇ ਆਪਣੇ 2 ਦੋਸਤਾਂ ਨੂੰ ਇਸ ਘਟਨਾ ਦੇ ਬਾਰੇ 'ਚ ਦੱਸਿਆ। ਇਨ੍ਹਾਂ 'ਚੋਂ ਇਕ ਦੋਸਤ ਨੇ ਪੁਲਸ ਕੋਲ ਜਾਣ ਦੀ ਸਲਾਹ ਦਿੱਤੀ ਸੀ ਜਦਕਿ ਦੂਜੇ ਨੇ ਆਖਿਆ ਕਿ ਮੈਨੂੰ ਇਸ ਗੱਲ ਨੂੰ ਕਿਸੇ ਨੂੰ ਨਹੀਂ ਆਖਣੀ ਚਾਹੀਦੀ ਕਿਉਂਕਿ ਉਸ ਕੋਲ 200 ਵਕੀਲ ਹਨ। ਉਹ ਮੈਨੂੰ ਇਸ ਤੋਂ ਬਾਅਦ ਹੋਰ ਪਰੇਸ਼ਾਨ ਕਰੇਗਾ। ਇਨਾਂ ਦਾਅਵਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਮੈਂ ਆਪਣੀ ਜ਼ਿੰਦਗੀ 'ਚ ਕਦੇ ਇਸ ਮਹਿਲਾ ਨੂੰ ਨਹੀਂ ਮਿਲਿਆ। ਅਜਿਹਾ ਲੱਗ ਰਿਹਾ ਹੈ ਕਿ ਇਹ ਮਹਿਲਾ ਆਪਣੀ ਕਿਤਾਬ ਵੇਚਣ ਲਈ ਅਜਿਹਾ ਕਰ ਰਹੀ ਹੈ। ਉਸ ਦੀ ਇਹ ਕਿਤਾਬ 'ਕਾਲਪਨਿਕ ਕਥਾਵਾਂ' ਦੀ ਕਲਾਸ 'ਚ ਰੱਖੀ ਜਾਣੀ ਚਾਹੀਦੀ ਹੈ।

Khushdeep Jassi

This news is Content Editor Khushdeep Jassi