ਟਰੰਪ ਨੇ ਬ੍ਰਿਟੇਨ ਦੀ ਮਹਾਰਾਣੀ ਨੂੰ ਕਰਵਾਇਆ 12 ਮਿੰਟ ਇੰਤਜ਼ਾਰ, ਤੋੜੇ ਕਈ ਪ੍ਰੋਟੋਕਾਲ

07/14/2018 8:27:02 PM

ਲੰਡਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬ੍ਰਿਟੇਨ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਿਆ ਸੀ ਪਰ ਇਸ ਦੇ ਖਤਮ ਹੋਣ ਤੋਂ ਬਾਅਦ ਵੀ ਇਸ ਦੇ ਨਾਲ ਨਵੇਂ ਵਿਵਾਦ ਜੁੜ ਗਏ ਹਨ। ਟਰੰਪ ਨੇ 92 ਸਾਲਾ ਮਹਾਰਾਣੀ ਐਲੀਜ਼ਾਬੈਥ ਨੂੰ ਧੁੱਪ 'ਚ ਕਰੀਬ 12 ਮਿੰਟਾਂ ਤੱਕ ਇੰਤਜ਼ਾਰ ਕਰਵਾਇਆ। ਮਹਾਰਾਣੀ ਵਾਰ-ਵਾਰ ਆਪਣੀ ਘੜੀ ਦੇਖ ਰਹੀ ਸੀ ਪਰ ਟਰੰਪ ਦਾ ਕੁਝ ਵੀ ਪਤਾ ਨਹੀਂ ਸੀ। ਉਥੇ ਉਨ੍ਹਾਂ ਨੇ ਇਸ ਦੌਰਾਨ ਕਈ ਪ੍ਰੋਟੋਕਾਲ ਵੀ ਫਾਲੋਅ ਨਹੀਂ ਕੀਤੇ। ਟਰੰਪ ਦੀ ਗਲਤੀ ਦੇ ਕਾਰਨ ਬ੍ਰਿਟੇਨ 'ਚ ਉਨ੍ਹਾਂ ਦੇ ਲਈ ਨਾਰਾਜ਼ਗੀ ਹੋਰ ਵਧ ਗਈ ਹੈ। ਇਸ ਤੋਂ ਵੱਖ ਬ੍ਰਿਟੇਨ 'ਚ ਕਈ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਵਾਰ-ਵਾਰ ਘੜੀ ਦੇਖ ਰਹੀ ਸੀ ਮਹਾਰਾਣੀ
ਟਰੰਪ ਨੂੰ ਵਿੰਡਸਰ ਕੈਸਲ 'ਚ ਗਾਰਡ ਆਫ ਆਨਰ ਦਿੱਤਾ ਜਾਣਾ ਸੀ। ਕਵੀਨ ਐਲੀਜ਼ਾਬੈਥ ਇਥੇ ਸਹੀ ਸਮੇਂ 'ਤੇ ਪਹੁੰਚ ਗਈ ਸੀ। ਨੀਲੀ ਹੈਟ ਤੇ ਕੋਟ ਪਹਿਨੇ ਮਹਾਰਾਣੀ ਧੁੱਪ 'ਚ ਅਮਰੀਕੀ ਰਾਸ਼ਟਰਪਤੀ ਦਾ ਇੰਤਜ਼ਾਰ ਕਰ ਰਹੀ ਸੀ। ਕਰੀਬ 12 ਮਿੰਟ ਤੱਕ ਉਨ੍ਹਾਂ ਨੇ ਇੰਤਜ਼ਾਰ ਕੀਤਾ ਤੇ ਫਿਰ ਟਰੰਪ ਦੀ ਕਾਲੀ ਰੇਂਜ ਰੋਵਰ ਗੱਡੀ ਉਥੇ ਨਜ਼ਰ ਆਈ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਸੀ। ਟਰੰਪ ਤੇ ਮੇਲਾਨੀਆ ਕਾਰ 'ਚੋਂ ਬਾਹਰ ਨਿਕਲੇ ਤੇ ਮੰਚ ਤੱਕ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਮਹਾਰਾਣੀ ਨਾਲ ਹੱਥ ਮਿਲਾਇਆ। ਕੁਝ ਦੇਰ ਤੱਕ ਦੋਵਾਂ ਵਿਚਾਲੇ ਗੱਲਾਂ ਹੋਈਆਂ। ਮਹਾਰਾਣੀ ਐਲੀਜ਼ਾਬੈਥ ਨੂੰ ਕਿਸੇ ਵੀ ਪ੍ਰੋਗਰਾਮ 'ਚ ਲੇਟ ਪਹੁੰਚਣਾ ਤੇ ਦੇਰ ਨਾਲ ਆਉਣ ਵਾਲੇ ਲੋਕ ਪਸੰਦ ਨਹੀਂ ਹਨ। ਉਹ ਖੁਦ ਵੀ ਸਮੇਂ ਦੀ ਬਹੁਤ ਪਾਬੰਦ ਹਨ।
ਮਹਾਰਾਣੀ ਤੋਂ ਬਿਨਾਂ ਹੀ ਵਧੇ ਅੱਗੇ
ਟਰੰਪ ਜਿਵੇਂ ਹੀ ਗਾਰਡਜ਼ ਦਾ ਨਿਰੀਖਣ ਕਰਨ ਜਾ ਰਹੇ ਸਨ, ਉਹ ਮਹਾਰਾਣੀ ਤੋਂ ਅੱਗੇ ਚੱਲਣ ਲੱਗੇ। ਸਿਰਫ ਇੰਨਾ ਹੀ ਨਹੀਂ ਮਹਾਰਾਣੀ ਨਾਲ ਮੁਲਾਕਾਤ ਦੇ ਸਮੇਂ ਵੀ ਉਹ ਝੁਕੇ ਨਹੀਂ। ਕਈ ਹੋਰ ਗਲਤੀਆਂ ਟਰੰਪ ਨੇ ਕੀਤੀਆਂ ਪਰ ਇਸ ਸਭ ਦੇ ਬਾਵਜੂਦ ਮਹਾਰਾਣੀ ਤੇ ਟਰੰਪ ਦੀ ਮੁਲਾਕਾਤ ਚੰਗੀ ਰਹੀ। ਟਰੰਪ ਜਿਨ੍ਹਾਂ ਨੇ ਪਹਿਲਾਂ ਬ੍ਰੈਗਜ਼ਿਟ ਪਲਾਨ ਦੀ ਨਿੰਦਾ ਕੀਤੀ ਸੀ, ਨੇ ਇਥੇ ਮੀਡੀਆ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਫੇਕ ਨਿਊਜ਼ ਸੀ। ਡੋਨਾਲਡ ਤੇ ਮੇਲਾਨੀਆ ਨੂੰ ਵਿੰਡਸਰ ਕੈਸਲ 'ਚ ਚਾਹ ਦੇ ਲਈ ਬੁਲਾਇਆ ਗਿਆ ਸੀ। ਟਰੰਪ ਨੇ ਬ੍ਰਿਟਿਸ਼ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਈ ਸਾਲਾਂ ਤੱਕ ਉਨ੍ਹਾਂ (ਮਹਾਰਾਣੀ ਐਲੀਜ਼ਾਬੈਥ) ਨੇ ਆਪਣੇ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਅੱਜ ਤੱਕ ਕੋਈ ਗਲਤੀ ਨਹੀਂ ਕੀਤੀ ਹੈ। ਉਹ ਬਹੁਤ ਵਧੀਆ ਔਰਤ ਹਨ।
ਟਰੰਪ ਨੇ ਇਸ ਤੋਂ ਪਹਿਲਾਂ ਰਾਇਲ ਫੈਮਿਲੀ ਨੂੰ ਲੈ ਕੇ ਕਈ ਇਤਰਾਜ਼ਯੋਗ ਗੱਲਾਂ ਕਹੀਆਂ ਹਨ। ਟਰੰਪ ਨੇ ਇਕ ਵਾਰ ਕਿਹਾ ਸੀ ਕਿ ਉਹ ਬਿਨਾਂ ਹਿਚਕ ਪ੍ਰਿੰਸੇਸ ਡਾਇਨਾ ਦੇ ਨਾਲ ਇਕ ਰਾਤ ਬਿਤਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਡਚੇਜ਼ ਆਫ ਕੈਂਬ੍ਰਿਜ ਕੇਟ ਮਿਡਲਟਨ 'ਤੇ ਵੀ ਉਹ ਵਿਵਾਦਿਤ ਟਿੱਪਣੀ ਕਰ ਚੁੱਕੇ ਹਨ। ਟਰੰਪ ਨੇ ਕਿਹਾ ਸੀ ਕਿ ਕੌਣ ਕੇਟ ਦਾ ਟਾਪਲੈੱਸ ਫੋਟੋਗ੍ਰਾਫ ਕਲਿਕ ਨਹੀਂ ਕਰਨਾ ਚਾਹੇਗਾ। ਟਰੰਪ ਤੇ ਕਵੀਨ ਐਲੀਜ਼ਾਬੈੱਥ ਦੇ ਵਿਚਾਲੇ ਇਸ ਮੁਲਾਕਾਤ ਨੂੰ ਇਕ ਮੁਸ਼ਕਲ ਮੁਲਾਕਾਤ ਮੰਨਿਆ ਜਾ ਰਿਹਾ ਸੀ। ਕਰੀਬ 1.86 ਮਿਲੀਅਨ ਲੋਕਾਂ ਨੇ ਇਕ ਪਟੀਸ਼ਨ 'ਤੇ ਦਸਤਖਤ ਕੀਤੇ ਸਨ। ਇਸ ਦਾ ਮਕਸਦ ਟਰੰਪ ਨੂੰ ਬ੍ਰਿਟੇਨ ਦੇ ਅਧਿਕਾਰਿਕ ਦੌਰੇ ਦੀ ਮਨਜ਼ੂਰੀ ਨਾ ਦੇਣਾ ਸੀ। ਲੋਕਾਂ ਦਾ ਮੰਨਣਾ ਸੀ ਕਿ ਟਰੰਪ ਦਾ ਦੌਰਾ ਮਹਾਰਾਣੀ ਨੂੰ ਸ਼ਰਮਸਾਰ ਕਰ ਸਕਦਾ ਹੈ।