ਅਮਰੀਕਾ ਜਾਣ ਲਈ ਭਾਰਤੀਆਂ ਨੂੰ ਹੀ ਨਹੀਂ ਸਗੋਂ ਦੁਨੀਆ ਭਰ ਦੇ ਨਾਗਰਿਕਾਂ ਨੂੰ ਕਰਨਾ ਪੈ ਰਿਹਾ ਲੰਬਾ ਇੰਤਜ਼ਾਰ

07/07/2023 10:25:31 AM

ਅਮਰੀਕਾ (ਬਿਊਰੋ) - ਦੁਨੀਆ ਭਰ ਦੇ ਲੋਕਾਂ ਵਿਚ ਅਮਰੀਕਾ ਵਿਚ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕਾ ਜਾਣ ਦੇ ਇੱਛੁਕ ਵੱਖ-ਵੱਖ ਦੇਸ਼ਾਂ ਦੇ ਲੋਕਾਂ ਲਈ ਵੀਜ਼ਾ ਇੰਟਰਵਿਊ ਲਈ ਇੰਤਜ਼ਾਰ ਵੀ ਲੰਬਾ ਹੁੰਦਾ ਜਾ ਰਿਹਾ ਹੈ। ਅਮਰੀਕਾ ਪ੍ਰਤੀ ਦੁਨੀਆ ਭਰ ਦੇ ਲੋਕਾਂ ਦੀ ਦੀਵਾਨਗੀ ਦਾ ਇਹ ਆਲਮ ਹੈ ਕਿ ਕੈਨੇਡਾ ਦੇ ਲੋਕਾਂ ਨੂੰ ਅਮਰੀਕਾ ਦਾ ਵਿਜ਼ੀਟਰ ਵੀਜ਼ਾ ਹਾਸਲ ਕਰਨ ਲਈ ਇੰਟਰਵਿਊ ਲਈ 2 ਸਾਲ ਤੱਕ ਦੀ ਉਡੀਕ ਕਰਨੀ ਪੈ ਰਹੀ ਹੈ, ਜਦਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਇੰਟਰਵਿਊ ਲਈ ਲਗਭਗ ਸਵਾ ਸਾਲ ਅਤੇ ਦੁਬਈ ਦੇ ਲੋਕਾਂ ਨੂੰ 13 ਮਹੀਨੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਮਤਲਬ ਸਾਫ਼ ਹੈ ਕਿ ਅਮਰੀਕਾ ਵਿਚ ਜਾਣ ਲਈ ਭਾਰਤੀਆਂ ਨੂੰ ਹੀ ਇੰਟਰਵਿਊ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪੈ ਰਿਹਾ ਸਗੋਂ ਦੁਨੀਆ ਦੇ ਕਈ ਹੋਰ ਦੇਸ਼ ਹਨ, ਜਿਨ੍ਹਾਂ ਦੇ ਨਾਗਰਿਕਾਂ ਲਈ ਇੰਟਰਵਿਊ ਲਈ ਇੰਤਜ਼ਾਰ ਭਾਰਤ ਤੋਂ ਵੀ ਲੰਬਾ ਹੈ ਅਤੇ ਇਸ ਦਾ ਇਕ ਮਤਲਬ ਇਹ ਵੀ ਹੈ ਕਿ ਅਮਰੀਕਾ ਕੋਲ ਥੋਕ ਦੇ ਭਾਅ ਵਿਚ ਦੁਨੀਆ ਭਰ ਤੋਂ ਆ ਰਹੀਆਂ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈੱਸ ਕਰਨ ਤੋਂ ਇਲਾਵਾ ਇੰਟਰਵਿਊ ਲਈ ਵੀ ਸਟਾਫ ਦੀ ਕਮੀ ਹੈ, ਜਿਸ ਕਾਰਨ ਇਹ ਇੰਤਜ਼ਾਰ ਲੰਬਾ ਹੋ ਰਿਹਾ ਹੈ। ਇਸ ਨਾਲ ਅਮਰੀਕਾ ਦੇ ਸੈਰ-ਸਪਾਟਾ ਰੈਵੇਨਿਊ ’ਤੇ ਵੀ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ :- ਅਮਰੀਕਾ : ‘ਰਾਸ਼ਟਰੀ ਅਜ਼ਾਦੀ ਪਰੇਡ’ ’ਚ ਸ਼ਾਮਲ ਸਿੱਖਸ ਆਫ਼ ਅਮੈਰਿਕਾ ਦੇ ‘ਸਿੱਖ ਫਲੋਟ’ ਨੇ ਜਿੱਤਿਆ ਦਿਲ

ਅਮਰੀਕਾ ਦੇ ਬਿਊਰੋ ਆਫ ਕੌਂਸਲਰ ਅਫੇਅਰ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸੂਚੀ ਵਿਚ ਸਿੰਗਾਪੁਰ ਦੇ ਲੋਕਾਂ ਦਾ ਇੰਤਜ਼ਾਰ ਸਭ ਤੋਂ ਘੱਟ ਹੈ ਅਤੇ ਇਥੋਂ ਦੇ ਨਾਗਰਿਕਾਂ ਨੂੰ ਅਮਰੀਕਾ ਵੀਜ਼ਾ ਹਾਸਲ ਕਰਨ ਲਈ ਸਿਰਫ 42 ਦਿਨਾਂ ਅੰਦਰ ਅਪੁਅਾਇੰਟਮੈਂਟ ਮਿਲ ਰਹੀ ਹੈ, ਜਦਕਿ ਕੋਲੰਬੋ ਦੇ ਲੋਕਾਂ ਨੂੰ 55 ਦਿਨ, ਲੰਡਨ ਦੇ ਲੋਕਾਂ ਨੂੰ 100 ਦਿਨ, ਆਸਟ੍ਰੇਲੀਆ ਦੇ ਨਾਗਰਿਕਾਂ ਨੂੰ 136 ਦਿਨ, ਨਿਊਜ਼ੀਲੈਂਡ ਦੇ ਲੋਕਾਂ ਨੂੰ 140 ਦਿਨ ਅਤੇ ਬੀਜਿੰਗ (ਚੀਨ) ਦੇ ਲੋਕਾਂ ਨੂੰ 127 ਦਿਨ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਭਾਰਤ ਉਠਾ ਚੁੱਕਾ ਹੈ ਵੀਜ਼ਾ ’ਚ ਦੇਰੀ ਦਾ ਮੁੱਦਾ
ਜੂਨ ਮਹੀਨੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਦੋਵਾਂ ਦੇਸ਼ਾਂ ਦਰਮਿਅਾਨ ਹੋਈ ਗੱਲਬਾਤ ਦੌਰਾਨ ਵੀ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਐਪਲੀਕੇਸ਼ਨ ਵਿਚ ਹੋ ਰਹੀ ਦੇਰੀ ਦਾ ਮੁੱਦਾ ਉਠਿਆ ਸੀ ਅਤੇ ਇਸ ਦੇ ਜਵਾਬ ਵਿਚ ਅਮਰੀਕਾ ਨੇ ਕਿਹਾ ਸੀ ਕਿ ਉਹ ਛੇਤੀ ਹੀ ਭਾਰਤ ਵਿਚ 2 ਹੋਰ ਦੂਤਘਰ ਖੋਲ੍ਹਣ ਜਾ ਰਿਹਾ ਹੈ। ਇਹ ਦੂਤਘਰ ਵੀਜ਼ਾ ਤੋਂ ਇਲਾਵਾ ਹੋਰਨਾਂ ਮਸਲਿਆਂ’ਤੇ ਵੀ ਕੰਮ ਕਰਨਗੇ।

ਇਹ ਵੀ ਪੜ੍ਹੋ : -ਅਮਰੀਕਾ : ਕੈਲੀਫੋਰਨੀਆ 'ਚ ਜਾਤੀ ਵਿਤਕਰੇ 'ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ

ਇਸ ਤੋਂ ਪਹਿਲਾਂ ਹਾਲ ਹੀ ਵਿਚ ਅਮਰੀਕਾ ਦੇ ਵੀਜ਼ਾ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਵਿਚ ਕਾਫੀ ਸੁਧਾਰ ਹੋਇਆ ਹੈ ਅਤੇ ਵੇਟਿੰਗ ਪੀਰੀਅਡ ਹੌਲੀ-ਹੌਲੀ ਘੱਟ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਭਾਰਤੀ ਨਾਗਰਿਕਾਂ ਲਈ ਵੀਜ਼ਾ ਐਪਲੀਕੇਸ਼ਨ ਤੋਂ ਬਾਅਦ ਇੰਟਰਵਿਊ ਲਈ ਇੰਤਜ਼ਾਰ ਘੱਟ ਹੋ ਸਕਦਾ ਹੈ।

ਸ਼ਹਿਰ ਵੇਟਿੰਗ ਪੀਰੀਅਡ

  • ਦਿੱਲੀ        491 ਦਿਨ
  • ਟੋਰਾਂਟੋ        733 ਦਿਨ
  • ਕਰਾਚੀ       416 ਦਿਨ
  • ਦੁਬਈ        391 ਦਿਨ
  • ਆਕਲੈਂਡ     140 ਦਿਨ
  • ਸਿਡਨੀ        136 ਦਿਨ
  • ਬੀਜਿੰਗ        127 ਦਿਨ
  • ਲੰਡਨ         100 ਦਿਨ
  • ਕੋਲੰਬੋ          55 ਦਿਨ
  • ਸਿੰਗਾਪੁਰ        42 ਦਿਨ

sunita

This news is Content Editor sunita