ਅਮਰੀਕਾ ਨੇ ਈਰਾਨ ਦੀਆਂ ਇਨ੍ਹਾਂ 5 ਸੰਸਥਾਵਾਂ 'ਤੇ ਲਗਾਈ ਪਾਬੰਦੀ

01/06/2018 10:03:57 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਨੇ ਈਰਾਨੀ ਬੈਲਿਸਟਿਕ ਮਿਜ਼ਾਇਲ ਦੇ ਉਤਪਾਦਨ ਅਤੇ ਵਿਕਾਸ ਨਾਲ ਜੁੜੀ ਇਕ ਉਦਯੋਗਿਕ ਕੰਪਨੀ ਦੀ ਮਲਕੀਅਤ ਜਾਂ ਨਿਯੰਤਰਨ ਵਾਲੀ ਈਰਾਨ ਸਥਿਤ 5 ਸੰਸਥਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਖਜਾਨਾ ਸਕੱਤਰ ਸਟੀਵੇਨ ਮੁਚੀਨ ਨੇ ਕੱਲ ਭਾਵ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ, ਇਹ ਪਾਬੰਦੀ ਈਰਾਨ ਦੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਵਿਚ ਸ਼ਾਮਲ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਲਗਾਏ ਗਏ ਹਨ।
ਈਰਾਨੀ ਸਰਕਾਰ ਲੋਕਾਂ ਦੀ ਆਰਥਿਕ ਸਥਿਤੀ ਸੁਧਾਰਨ ਤੋਂ ਜ਼ਿਆਦਾ ਪਹਿਲ ਮਿਜ਼ਾਇਲ ਪ੍ਰੋਗਰਾਮ ਨੂੰ ਦਿੰਦੀ ਹੈ। ਖਜਾਨਾ ਵਿਭਾਗ ਮੁਤਾਬਕ ਪਾਬੰਦੀਸ਼ੁਦਾ ਸੰਸਥਾਵਾਂ ਵਿਚ ਦਿ ਸ਼ਾਹਿਦ ਇਸਲਾਮੀ ਰਿਸਰਚ ਸੈਂਟਰ, ਸ਼ਾਹਿਦ ਖਰਾਜੀ ਇੰਡਸਟਰੀ, ਸ਼ਾਹਿਦ ਮੋਘਾਦਮ ਇੰਡਸਟਰੀ, ਸ਼ਾਹਿਦ ਸਾਨੀਖਾਨੀ ਇੰਡਸਟਰੀ ਅਤੇ ਸ਼ਾਹਿਦ ਸ਼ੁਸਤਾਰੀ ਇੰਡਸਟਰੀ ਸ਼ਾਮਲ ਹਨ। ਇਹ ਸਭ ਸ਼ਾਹਿਦ ਬੇਕੇਰੀ ਉਦਯੋਗਿਕ ਸਮੂਹ ਦੀ ਸਹਾਇਕ ਇਕਾਈਆਂ ਹਨ। ਪਾਬੰਦੀਆਂ ਕਾਰਨ ਇਨ੍ਹਾਂ ਸੰਸਥਾਵਾਂ ਦੀ ਅਮਰੀਕਾ ਵਿਚ ਸਥਿਤ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਨਾਲ ਹੀ ਕੋਈ ਵੀ ਅਮਰੀਕੀ ਇਨ੍ਹਾਂ ਸੰਸਥਾਵਾਂ ਨਾਲ ਕਿਸੇ ਤਰ੍ਹਾਂ ਦਾ ਲੈਣ-ਦੇਣ ਨਹੀਂ ਰੱਖੇਗਾ।