US ਇਮੀਗ੍ਰੇਸ਼ਨ ਨੇ ਹਿਰਾਸਤ ਕੇਂਦਰਾਂ ''ਚ ਬੰਦ ਪ੍ਰਵਾਸੀਆਂ ਦੇ DNA ਨਮੂਨੇ ਲੈਣੇ ਕੀਤੇ ਸ਼ੁਰੂ

01/11/2020 9:38:29 AM

ਹਿਊਸਟਨ,(ਰਾਜ ਗੋਗਨਾ)— ਅਮਰੀਕੀ ਸਰਕਾਰ ਵਲੋਂ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ 'ਚ ਬੰਦ ਪ੍ਰਵਾਸੀਆਂ ਦੇ ਡੀ.ਐੱਨ.ਏ. ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਅਫਸਰ, ਅਮਰੀਕਾ ਵਿਚ ਗੈਰ ਕਾਨੂੰਨੀ ਤੌਰ 'ਤੇ ਦਾਖਲ ਹੋਏ ਪ੍ਰਵਾਸੀਆਂ ਤੋਂ ਇਲਾਵਾ ਗ੍ਰੀਨ ਕਾਰਡ ਧਾਰਕਾਂ ਦੇ ਡੀ. ਐੱਨ. ਏ. ਨਮੂਨੇ ਵੀ ਲੈ ਸਕਣਗੇ ਅਤੇ ਨਮੂਨਾ ਦੇਣ ਤੋਂ ਨਾਂਹ ਕਰਨ ਵਾਲਿਆਂ ਵਿਰੁੱਧ ਅਪਰਾਧਿਕ ਦੋਸ਼ ਆਇਦ ਕੀਤੇ ਜਾ ਸਕਦੇ ਹਨ।

ਇਮੀਗ੍ਰੇਸ਼ਨ ਅਫਸਰਾਂ ਵੱਲੋਂ ਇਕੱਤਰ ਕੀਤੇ ਗਏ ਡੀ. ਐੱਨ. ਏ. ਨਮੂਨੇ ਐੱਫ. ਬੀ. ਆਈ. ਦੇ ਸਪੁਰਦ ਕਰ ਦਿੱਤੇ ਜਾਣਗੇ। ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਦਸਤਾਵੇਜ਼ ਦਾ ਇਮੀਗ੍ਰੇਸ਼ਨ ਹਿਮਾਇਤੀਆਂ ਅਤੇ ਪ੍ਰਾਇਵੇਸੀ ਮਾਹਿਰਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਹਿਮਾਇਤੀਆਂ ਅਤੇ ਪ੍ਰਾਇਵੇਸੀ ਮਾਹਿਰਾਂ ਨੇ ਸਵਾਲ ਉਠਾਇਆ ਕਿ ਡੀ. ਐੱਨ. ਏ. ਨਮੂਨਿਆਂ ਦੀ ਵਰਤੋਂ ਅਪਰਾਧਕ ਸਰਗਰਮੀਆਂ ਰੋਕਣ ਲਈ ਕੀਤੀ ਜਾਣੀ ਹੈ ਜਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਨਿਗਰਾਨੀ ਵਾਸਤੇ ਇਨ੍ਹਾਂ ਨੂੰ ਵਰਤਿਆ ਜਾਵੇਗਾ? ਓਧਰ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਕਿਹਾ ਕਿ ਉਸ ਦੇ ਏਜੰਟਾਂ ਵਲੋਂ ਇਕੱਠੇ ਕੀਤੇ ਜਾਣ ਵਾਲੇ ਡੀ.ਐੱਨ.ਏ. ਨਮੂਨੇ ਤੁਰੰਤ ਫਾਇਦੇਮੰਦ ਸਾਬਤ ਨਹੀਂ ਹੋਣਗੇ ਕਿਉਂਕਿ ਜਦੋਂ ਤੱਕ ਨਮੂਨੇ ਦੀ ਜਾਂਚ ਰਿਪੋਰਟ ਆਵੇਗੀ, ਉਦੋਂ ਤੱਕ ਸੰਬੰਧਤ ਸ਼ਖਸ ਰਿਹਾਅ ਹੋ ਚੁੱਕਾ ਹੋਵੇਗਾ ਜਾਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੋਵੇਗਾ।