ਕਾਬੁਲ ਸਥਿਤ ਅਮਰੀਕੀ ਦੂਤਘਰ ਦੇ ਕਰਮਚਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ

06/20/2020 8:06:19 PM

ਕਾਬੁਲ - ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਆਖਿਆ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਉਸ ਦੇ ਦੂਤਘਰ ਦੇ ਕਈ ਕਰਮਚਾਰੀ ਕੋਰੋਨਾਵਾਇਰਸ ਲਾਗ ਦੀ ਲਪੇਟ ਵਿਚ ਹਨ, ਜਿਨ੍ਹਾਂ ਵਿਚ ਡਿਪਲੋਮੈਟ, ਠੇਕੇਦਾਰ ਅਤੇ ਸਥਾਨਕ ਕਰਮਚਾਰੀ ਸ਼ਾਮਲ ਹਨ। ਹਾਲਾਂਕਿ, ਵਿਭਾਗ ਨੇ ਕੋਰੋਨਾ ਤੋਂ ਪ੍ਰਭਾਵਿਤ ਕਰਮਚਾਰੀਆਂ ਦੀ ਗਿਣਤੀ ਦੇ ਬਾਰੇ ਵਿਚ ਜਾਣਕਾਰੀ ਸਾਂਝੀ ਨਹੀਂ ਕੀਤੀ। ਉਥੇ ਹੀ ਕਾਬੁਲ ਵਿਚ ਦੂਤਘਰ ਦੇ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਆਖਿਆ ਕਿ ਘਟੋਂ-ਘੱਟ 20 ਲੋਕ ਪ੍ਰਭਾਵਿਤ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇਪਾਲੀ ਹਨ ਜਿਹੜੇ ਕਿ ਦੂਤਘਰ ਦੀ ਸੁਰੱਖਿਆ ਵਿਚ ਤਾਇਨਾਤ ਹਨ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਖਿਆ ਹੈ ਕਿ ਦੂਤਘਰ ਕੋਵਿਡ-19 ਦੇ ਪ੍ਰਸਾਰ ਦੀ ਰੋਕਥਾਮ ਲਈ ਹਰ ਸੰਭਵ ਉਪਾਅ ਕਰ ਰਿਹਾ ਹੈ। ਦੂਤਘਰ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਦੂਤਘਰ ਵਿਚ ਹੀ ਕੁਆਰੰਟੀਨ ਵਿਚ ਰੱਖਿਆ ਗਿਆ ਹੈ ਅਤੇ ਬਾਕੀ ਕਰਮਚਾਰੀਆਂ ਦੇ ਟੈਸਟ ਕੀਤੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਇਮਾਰਤ ਨੂੰ ਸ਼ੈਨੇਟਾਈਜ਼ ਕਰਨ ਦਾ ਅਭਿਆਨ ਚਲਾਇਆ ਗਿਆ ਸੀ। ਦੱਸ ਦਈਏ ਕਿ ਹੁਣ ਤੱਕ ਅਫਗਾਨਿਸਤਾਨ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕੁਲ 28,424 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 569 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8,292 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

Khushdeep Jassi

This news is Content Editor Khushdeep Jassi