ਤੁਰਕੀ ''ਚ ਅਮਰੀਕੀ ਅੰਬੈਸੀ ਨੂੰ ਖਤਰੇ ਕਾਰਨ ਕੀਤਾ ਗਿਆ ਬੰਦ

03/05/2018 9:24:09 AM

ਇਸਤਾਂਬੁਲ— ਤੁਰਕੀ ਸਥਿਤ ਅਮਰੀਕੀ ਅੰਬੈਸੀ ਨੂੰ ਅਣਪਛਾਤੇ ਸੁੱਰਖਿਆ ਖਤਰੇ ਕਾਰਨ ਸੋਮਵਾਰ ਨੂੰ ਬੰਦ ਰੱਖਿਆ ਗਿਆ ਹੈ। ਅੰਬੈਸੀ ਦੀ ਵੈੱਬਸਾਈਟ 'ਤੇ ਐਤਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਅਮਰੀਕਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਕਾਰਾ ਸਥਿਤ ਅੰਬੈਸੀ 'ਚ ਨਾ ਜਾਣ ਅਤੇ ਉਹ ਭੀੜ ਵਾਲੇ ਇਲਾਕਿਆਂ 'ਚ ਜਾਣ ਤੋਂ ਵੀ ਬਚਣ। ਬਿਆਨ ਮੁਤਾਬਕ ਸੁਰੱਖਿਆ ਖਤਰੇ ਕਾਰਨ ਅੰਬੈਸੀ ਬੰਦ ਰਹੇਗੀ। ਸੇਵਾਵਾਂ ਬਹਾਲ ਹੋਣ 'ਤੇ ਅੰਬੈਸੀ ਨੂੰ ਦੋਬਾਰਾ ਖੋਲ੍ਹਣ ਦੀ ਜਾਣਕਾਰੀ ਦਿੱਤੀ ਜਾਵੇਗੀ। ਖਤਰੇ ਨਾਲ ਜੁੜੀ ਵਿਸਥਾਰ ਪੂਰਵਕ ਜਾਣਕਾਰੀ ਅਜੇ ਮੁਹੱਈਆ ਨਹੀਂ ਕਰਵਾਈ ਗਈ। 
ਜ਼ਿਕਰਯੋਗ ਹੈ ਕਿ ਰਾਜਧਾਨੀ ਅੰਕਾਰਾ 'ਚ ਸਥਿਤ ਅਮਰੀਕੀ ਅੰਬੈਸੀ ਦੇ ਬਾਹਰ ਸਾਲ 2013 'ਚ ਆਤਮਘਾਤੀ ਹਮਲਾ ਹੋਇਆ ਸੀ ਅਤੇ ਕਾਫੀ ਨੁਕਸਾਨ ਹੋਇਆ ਸੀ। ਇਸ ਕਾਰਨ ਤੁਰਕੀ ਦਾ ਇਕ ਸੁਰੱਖਿਆ ਕਰਮਚਾਰੀ ਮਾਰਿਆ ਗਿਆ ਸੀ। ਤੁਰਕ ਅਧਿਕਾਰੀਆਂ ਨੇ ਇਸ ਹਮਲੇ ਲਈ ਘਰੇਲੂ ਕੱਟੜਵਾਦੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਇਸੇ ਲਈ ਹੁਣ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਅੰਬੈਸੀ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।