ਅਮਰੀਕੀ ਅਰਥ ਵਿਵਸਥਾ ਨੂੰ ਪਟੜੀ ''ਤੇ ਆਉਣ ਲਈ ਕਈ ਸਾਲ ਨਹੀਂ ਕੁਝ ਕੁ ਮਹੀਨੇ ਚਾਹੀਦੇ : ਮਨੁਚਿਨ

04/20/2020 2:57:34 AM

ਵਾਸ਼ਿੰਗਟਨ - ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਐਤਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਬਦਹਾਲ ਅਮਰੀਕਾ ਦੀ ਅਰਥ ਵਿਵਸਥਾ ਨੂੰ ਵਾਪਸ ਪਟੜੀ 'ਤੇ ਆਉਣ ਵਿਚ ਕਈ ਸਾਲ ਨਹੀਂ ਬਲਕਿ ਕੁਝ ਮਹੀਨੇ ਹੀ ਲੱਗਣਗੇ। ਉਨ੍ਹਾਂ ਨੇ ਸੀ. ਐਨ. ਐਨ. ਦੇ ਪ੍ਰੋਗਰਾਮ 'ਸਟੇਟ ਆਫ ਦਿ ਯੂਨੀਅਨ' ਵਿਚ ਹਿੱਸਾ ਲੈਂਦੇ ਹੋਏ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਇਸ ਵਿਚ ਕੁਝ ਮਹੀਨੇ ਹੀ ਲੱਗਣਗੇ। ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਦਾ ਕਿ ਇਸ ਵਿਚ ਕਈ ਸਾਲ ਲੱਗਣ ਵਾਲੇ ਹਨ।

ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਮਹਾਮਾਰੀ ਤੋਂ ਪਹਿਲਾਂ ਅਰਥ ਵਿਵਸਥਾ ਜਿਸ ਮਜ਼ਬੂਤ ਸਥਿਤੀ ਵਿਚ ਸੀ, ਵਾਪਸ ਉਸ ਸਥਿਤੀ ਵਿਚ ਆਉਣ ਵਿਚ ਕਿੰਨਾ ਸਮਾਂ ਲੱਗ ਸਕਦਾ ਹੈ। ਮਨੁਚਿਨ ਨੇ ਆਖਿਆ ਕਿ ਅਸੀਂ ਇਸ ਵਾਇਰਸ ਨੂੰ ਹਰਾਉਣ ਵਾਲੇ ਹਾਂ। ਮੈਂ ਜਾਣਦਾ ਹਾਂ ਕਿ ਨਾ ਸਿਰਫ ਜਾਂਚ ਵਿਚ ਬਲਕਿ ਇਲਾਜ ਦੇ ਮੋਰਚੇ 'ਤੇ ਵੀ ਅਸੀਂ ਸ਼ਾਨਦਾਰ ਸਫਲਤਾਵਾਂ ਹਾਸਲ ਕਰਨ ਜਾ ਰਹੇ ਹਾਂ। ਸਾਡੇ ਕੋਲ ਜਲਦੀ ਹੀ ਟੀਕੇ ਹੋਣਗੇ। ਮੈਨੂੰ ਲੱਗਦਾ ਹੈ ਕਿ ਟੀਕੇ ਵਿਕਸਤ ਕਰਨ ਵਿਚ ਲੋਕ ਲੱਗੇ ਹੋਏ ਹਨ ਅਤੇ ਇਸ ਵਿਚ ਕੁਝ ਹੀ ਸਮਾਂ ਲੱਗੇਗਾ।ਹਾਲਾਂਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐਮ. ਐਫ.) ਅਤੇ ਵਿਸ਼ਵ ਬੈਂਕ ਦਾ ਆਖਣਾ ਹੈ ਕਿ ਅਮਰੀਕਾ ਦੀ ਅਰਥ ਵਿਵਸਥਾ ਆਰਥਿਕ ਮੰਦੀ ਦੀ ਲਪੇਟ ਵਿਚ ਆ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਸਾਹਮਣੇ ਆਈਆਂ ਚੁਣੌਤੀਆਂ ਦੇ ਚੱਲਦੇ ਅਮਰੀਕਾ ਵਿਚ 2.2 ਕਰੋੜ ਤੋਂ ਜ਼ਿਆਦਾ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਖੇਤਰ ਜਿਵੇਂ ਯਾਤਰਾ ਅਤੇ ਸੈਰ-ਸਪਾਟਾ ਬਦਹਾਲ ਹਨ। ਦੇਸ਼ ਦੀ 33 ਕਰੋੜ ਦੀ ਆਬਾਦੀ ਦਾ 95 ਫੀਸਦੀ ਤੋਂ ਜ਼ਿਆਦਾ ਹਿੱਸਾ ਘਰਾਂ ਵਿਚ ਕੈਦ ਹੈ। ਇਸ ਵਾਇਰਸ ਦੀ ਇਨਫੈਕਸ਼ਨ ਕਾਰਨ ਅਮਰੀਕਾ ਵਿਚ ਹੁਣ ਤੱਕ 40,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀ ਹਨ ਅਤੇ ਕਰੀਬ 7.5 ਲੱਖ ਲੋਕ ਹੁਣ ਤੱਕ ਇਸ ਵਾਇਰਸ ਕਾਰਨ ਇਨਫੈਕਟਡ ਹੋ ਚੁੱਕੇਹਨ। ਇਹ ਕੋਰੋਨਾਵਾਇਰਸ ਨਾਲ ਕਿਸੇ ਵੀ ਦੇਸ਼ ਵਿਚ ਇਨਫੈਕਟਡਾਂ ਅਤੇ ਮੌਤਾਂ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਨਾਲ ਅਮਰੀਕਾ ਦੀ ਅਰਥ ਵਿਵਸਥਾ ਨੂੰ ਬਚਾਉਣ ਲਈ 2 ਹਜ਼ਾਰ ਅਰਬ ਡਾਲਰ ਦਾ ਰਾਹਤ ਪੈਕੇਜ ਪੇਸ਼ ਕੀਤਾ ਹੈ।

Khushdeep Jassi

This news is Content Editor Khushdeep Jassi