ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਵੱਲੋਂ ਵਰਕ ਪਰਮਿਟ ਰੱਦ ਕਰਨ ਦਾ ਕੀਤਾ ਵਿਰੋਧ

04/26/2018 5:19:43 PM

ਵਾਸ਼ਿੰਗਟਨ—  ਸੀਨੀਅਰ ਭਾਰਤੀ-ਅਮਰੀਕੀ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੀ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਦਾ ਵਰਕ ਪਰਮਿਟ ਜਾਂ ਨੌਕਰੀ ਕਰਨ ਦੀ ਆਗਿਆ ਨੂੰ ਰੱਦ ਕਰਨ ਦੀ ਯੋਜਨਾ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਨੂੰ ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਸੀ। ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਨੂੰ ਮਿਲੀ ਕਾਨੂੰਨੀ ਤੌਰ 'ਤੇ ਕੰਮ ਕਰਨ ਦੀ ਆਗਿਆ ਨੂੰ ਰੱਦ ਕਰਨ ਦੀ ਤਿਆਰੀ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪ੍ਰਭਾਵਿਤ ਹੋਣਗੇ। ਓਬਾਮਾ ਪ੍ਰਸ਼ਾਸਨ ਦੇ ਨਿਯਮ ਨੂੰ ਰੱਦ ਕਰਨ ਨਾਲ 70,000 ਤੋਂ ਜ਼ਿਆਦਾ ਐਚ-4 ਵੀਜ਼ਾ ਧਾਰਕ ਪ੍ਰਭਾਵਿਤ ਹੋਣਗੇ।
ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਇੱਥੇ ਯੂ.ਐਸ ਇੰਡੀਆ ਫਰੈਂਡਸ਼ਿਪ ਕੌਂਸਲ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਕਿਹਾ ਕਿ ਐਚ-4 ਵੀਜ਼ਾ ਉਨ੍ਹਾਂ ਔਰਤਾਂ ਨੂੰ ਮਿਲਦਾ ਹੈ ਜੋ ਯੋਗ ਹੁੰਦੀਆਂ ਹਨ। ਕਈ ਵਾਰ ਤਾਂ ਉਹ ਆਪਣੇ ਪਤੀ ਤੋਂ ਵੀ ਜ਼ਿਆਦਾ ਯੋਗਤਾ ਰੱਖਦੀਆਂ ਹਨ ਪਰ ਉਹ ਕੰਮ ਨਹੀਂ ਕਰ ਪਾਉਂਦੀਆਂ। ਪ੍ਰਤੀਨਿਧੀ ਸਭਾ ਵਿਚ ਚੁਣੀ ਗਈ ਪਹਿਲੀ ਮਹਿਲਾ ਭਾਰਤੀ ਅਮਰੀਕੀ ਮਹਿਲਾ ਸੰਸਦ ਮੈਂਬਰ ਜੈਪਾਲ ਨੇ ਕਿਹਾ ਕਿ ਮੈਂ ਐਚ-4 ਵੀਜ਼ਾ ਨੂੰ ਰੱਦ ਕਰਨ ਦਾ ਵਿਰੋਧ ਕਰਦੀ ਹਾਂ। ਜੈਪਾਲ ਨੇ ਕੱਲ ਆਯੋਜਿਤ ਸੰਮੇਲਨ ਵਿਚ ਪਰਿਵਾਰ ਅਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਵੀ ਵਕਾਲਤ ਕੀਤੀ। ਇਸ ਸੰਮੇਲਨ ਨੂੰ ਕਈ ਹੋਰ ਡੈਮੋਕ੍ਰੇਟ ਸੰਸਦ ਮੈਂਬਰਾਂ ਜੋਏ ਕ੍ਰਾਊਲੀ, ਐਮੀ ਬੇਰਾ ਅਤੇ ਰਾਜਾ ਕ੍ਰਿਸ਼ਣਮੂਰਤੀ ਨੇ ਵੀ ਸੰਬੋਧਿਤ ਕੀਤਾ। ਰਿਪਬਲਿਕਨ ਸੀਨੇਟਰ ਥਾਮ ਟਿਲੀਸ ਨੇ ਕਿਹਾ ਕਿ ਐਚ-1ਬੀ ਨਾਲ ਦੇਸ਼ ਵਿਚ ਅਜਿਹਾ ਹੁਨਰ ਆਉਂਦਾ ਹੈ, ਜਿਨ੍ਹਾਂ ਦੀ ਜ਼ਰੂਰਤ ਹੈ। ਰਾਸ਼ਟਰਪਤੀ ਟਰੰਪ ਨੂੰ ਇਸ ਦੀ ਜਾਣਕਾਰੀ ਹੈ ਅਤੇ ਉਹ ਚਾਹੁੰਦੇ ਹਨ ਕਿ ਅਜਿਹੀ ਇਮੀਗ੍ਰੇਸ਼ਨ ਪ੍ਰਣਾਲੀ ਹੋਣੀ ਚਾਹੀਦੀ ਹੈ, ਜੋ ਹੁਨਰਮੰਦਾਂ ਨੂੰ ਆਕਰਸ਼ਿਤ ਕਰ ਸਕੇ ਅਤੇ ਰੋਕ ਸਕੇ।