ਅਮਰੀਕਾ ''ਚ ਮਨਾਇਆ ਗਿਆ ਪੀ. ਐੱਮ. ਮੋਦੀ ਦੀ ਜਿੱਤ ਦਾ ਜਸ਼ਨ

05/25/2019 11:26:30 AM

ਵਾਸ਼ਿੰਗਟਨ ਡੀ. ਸੀ., (ਰਾਜ ਗੋਗਨਾ)— ਭਾਜਪਾ ਅਮਰੀਕਾ ਵਿੰਗ ਦੇ ਉੱਪ ਪ੍ਰਧਾਨ ਡਾ. ਅਡੱਪਾ ਪ੍ਰਸਾਦ ਦੀ ਅਗਵਾਈ ਵਿੱਚ ਇੱਕ ਧੰਨਵਾਦ ਤੇ ਵਿਕਟਰੀ ਮਿਲਣੀ ਹਿੰਦੂ ਮੰਦਰ ਦੇ ਆਡੀਟੋਰੀਅਮ ਵਿੱਚ ਰੱਖੀ ਗਈ। ਇਸ ਵਿੱਚ ਅਕਾਲੀ-ਭਾਜਪਾ ਦੇ ਆਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮਿਲਣੀ ਦੌਰਾਨ ਪਹਿਲਾਂ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਵਲੋਂ ਕੌਮ ਦੇ ਨਾਮ ਦਿੱਤੇ ਜਿੱਤ ਅਤੇ ਧੰਨਵਾਦ ਦੇ ਸੁਨੇਹੇ ਨੂੰ ਸੁਣਾਇਆ ਗਿਆ। ਉਪਰੰਤ ਕੰਵਲਜੀਤ ਸਿੰਘ ਸੋਨੀ 'ਸਿੱਖਸ ਅਫੇਅਰ ਕੁਆਰਡੀਨੇਟਰ ਅਮਰੀਕਾ' ਨੇ ਆਪਣੇ ਭਾਰਤੀ ਚੋਣ ਦੌਰੇ ਤੋਂ ਜਾਣੂ ਕਰਵਾਇਆ।

ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ ਨੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ। ਬੀ. ਜੇ. ਪੀ. ਦੇ ਸਿੱਖ ਆਹੁਦੇਦਾਰਾਂ ਵਿੱਚ ਚੱਤਰ ਸਿੰਘ ਸੈਣੀ, ਬਲਜਿੰਦਰ ਸਿੰਘ ਸ਼ੰਮੀ, ਸੁਰਿੰਦਰ ਸਿੰਘ ਰਹੇਜਾ ਤੋਂ ਇਲਾਵਾ ਅਕਾਲੀ ਦਲ ਦੇ ਗੁਰਚਰਨ ਸਿੰਘ ਲੇਹਲ ਤੇ ਹੋਰ ਸਿੱਖਾਂ ਨੇ ਵੀ ਹਿੱਸਾ ਲਿਆ। ਜਿੱਥੇ ਉਨ੍ਹਾਂ ਡਾ. ਅਡੱਪਾ ਪ੍ਰਸਾਦ ਤੇ ਕੰਵਲਜੀਤ ਸਿੰਘ ਸੋਨੀ ਸਾਹਿਬ ਦੀ ਅਣਥਕ ਮਿਹਨਤ ਦੀ ਸ਼ਲਾਘਾ ਤੇ ਧੰਨਵਾਦ ਕੀਤਾ। ਉੱਥੇ ਕੰਵਲਜੀਤ ਸਿੰਘ ਸੋਨੀ ਤੇ ਅੱਡਪਾ ਪ੍ਰਸਾਦ ਵਲੋਂ ਸਿੱਖਾਂ ਪ੍ਰਤੀ ਕੀਤੇ ਕਾਰਜਾਂ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਭੇਜਿਆ ਹੈ। ਕਾਲੀ ਸੂਚੀ ਤਕਰੀਬਨ ਖਤਮ ਕੀਤੀ ਹੈ। ਰਾਜਨੀਤਿਕ ਸ਼ਰਣ ਪ੍ਰਾਪਤ ਕਰਤਾ ਨੂੰ ਪਾਸਪੋਰਟ ਵੀਜ਼ੇ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਪਰ ਅਜੇ ਜਗਦੀਸ਼ ਟਾਇਟਲਰ ਨੂੰ ਜੇਲ ਵਿੱਚ ਬੰਦ ਕਰਨਾ ਬਾਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਵਾਸੀਆਂ ਨੂੰ ਕੈਬਨਿਟ ਵਿੱਚ ਨੁਮਾਇੰਦਗੀ ਅਤੇ ਅੰਬੈਸੀ ਵਿੱਚ ਨੁਮਾਇੰਦਗੀ ਦੇਣਾ ਸਮੇਂ ਦੀ ਲੋੜ ਹੈ।ਇਸ ਤੋਂ ਇਲਾਵਾ ਪ੍ਰਵਾਸੀਆਂ ਦੀ ਮੰਗ ਹੈ ਕਿ ਜੇਕਰ ਕੋਈ ਵਿਦੇਸ਼ ਵਿੱਚ ਮਰ ਜਾਂਦਾ ਹੈ ਤਾਂ ਉਸ ਦੇ ਸਰੀਰ ਨੂੰ ਮੁਫਤ ਹਵਾਈ ਸਫਰ ਰਾਹੀਂ ਭੇਜਣ ਦੀ ਸੁਵਿਧਾ ਲਾਗੂ ਕਰਨਾ ਚਾਹੀਦਾ ਹੈ ਜਦਕਿ ਪਾਕਿਸਤਾਨ ਵਰਗੇ ਮੁਲਕਾਂ ਨੇ ਇਹ ਸੁਵਿਧਾ ਦਿੱਤੀ ਹੋਈ ਹੈ। 

ਸਮੁੱਚੀ ਪੰਜਾਬੀ ਭਾਈਚਾਰਕ ਟੀਮ ਨੇ ਕਰਤਾਰਪੁਰ ਕੋਰੀਡੋਰ ਦੇ ਕਾਰਜ ਨੂੰ ਮੁਕੰਮਲ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਇਸ ਲਾਂਘੇ ਨੂੰ ਆਮ ਜਨਤਾ ਲਈ ਖੋਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਜਿੱਤ ਦੀ ਖੁਸ਼ੀ ਵਿੱਚ ਬੀ. ਜੇ. ਪੀ. ਤੇ ਅਕਾਲੀ ਵਰਕਰਾਂ ਵਲੋਂ ਖੂਬ ਭੰਗੜੇ ਪਾਏ ਗਏ ਅਤੇ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਸਬੰਧੀ ਵੀ ਫੈਸਲਾ ਲਿਆ ਗਿਆ ਹੈ। ਆਸ ਹੈ ਕਿ ਮੋਦੀ ਸਰਕਾਰ ਸਿੱਖਾਂ ਦੇ ਹਰੇਕ ਮਸਲੇ ਅਤੇ ਪ੍ਰਵਾਸੀ ਕਾਰਜਾਂ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਨੂੰ ਭਵਿੱਖ ਵਿੱਚ ਲਾਗੂ ਕਰੇਗੀ।