U. S. 'ਚ ਵੱਡੀ ਕਾਰਵਾਈ, ਹਿਰਾਸਤ 'ਚ ਲਏ ਗਏ ਬਿਨਾਂ ਵੀਜ਼ਾ ਰਹਿ ਰਹੇ 680 ਪ੍ਰਵਾਸੀ

08/08/2019 3:16:46 PM

ਵਾਸ਼ਿੰਗਟਨ— ਬਿਨਾਂ ਕਾਨੂੰਨੀ ਕਾਗਜ਼ਾਂ ਜਾਂ ਬਿਨਾਂ ਵੀਜ਼ਾ ਦੇ ਅਮਰੀਕਾ 'ਚ ਰਹਿੰਦੇ ਲੋਕਾਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਯੂ. ਐੱਸ. ਇਮੀਗ੍ਰੇਸ਼ਨ ਅਥਾਰਿਟੀ ਨੇ ਇਸ ਤਰ੍ਹਾਂ ਦੇ ਲਗਭਗ 680 ਪ੍ਰਵਾਸੀ ਹਿਰਾਸਤ 'ਚ ਲਏ ਹਨ, ਜਿਨ੍ਹਾਂ ਕੋਲ ਉੱਥੇ ਰਹਿਣ ਦੇ ਪੱਕੇ ਤੇ ਅਧਿਕਾਰਤ ਕਾਗਜ਼ ਨਹੀਂ ਸਨ। ਮਿਸੀਸਿਪੀ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਮਾਈਕ ਹੌਰਸਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਗ੍ਰਿਫਤਾਰੀ ਬੁੱਧਵਾਰ ਨੂੰ ਮਿਸੀਸਿਪੀ ਦੇ 6 ਵੱਖ-ਵੱਖ ਸ਼ਹਿਰਾਂ 'ਚ ਸੱਤ ਥਾਵਾਂ ਤੋਂ ਹੋਈ ਹੈ। ਯੂ. ਐੱਸ. 'ਚ ਇਹ ਹੁਣ ਤਕ ਕਿਸੇ ਸੂਬੇ 'ਚ ਸਭ ਤੋਂ ਵੱਡੀ ਛਾਪੇਮਾਰੀ ਹੈ।

ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਚੋਰੀ ਛੁਪੇ ਰਹਿ ਰਹੇ ਲੋਕਾਂ 'ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਇਮੀਗ੍ਰੇਸ਼ਨ ਇਨਫੋਰਸਮੈਂਟ ਨੇ ਮਿਸੀਸਿਪੀ ਦੇ ਫੂਡ ਪ੍ਰੋਸੈਸਿੰਗ ਪਲਾਂਟਾਂ 'ਤੇ ਛਾਪੇ ਮਾਰੇ ਅਤੇ 680 ਲੋਕ ਹਿਰਾਸਤ 'ਚ ਲਏ, ਜਿਨਾਂ 'ਚ ਵੱਡੀ ਗਿਣਤੀ 'ਚ ਲਾਤੀਨੀ ਹਨ। ਇਸ ਨੂੰ ਅਮਰੀਕਾ ਦੇ ਇਤਿਹਾਸ 'ਚ ਇਕ ਦਿਨ 'ਚ ਸਭ ਤੋਂ ਵੱਡੀ ਕਾਰਵਾਈ ਕਿਹਾ ਜਾ ਰਿਹਾ ਹੈ। ਫੂਡ-ਪ੍ਰੋਸੈਸਿੰਗ ਪਲਾਂਟਾਂ ਅਤੇ ਬਾਗਬਾਨੀ ਕੇਂਦਰਾਂ 'ਤੇ ਪਿਛਲੇ ਸਾਲਾਂ ਦੌਰਾਨ ਵੀ ਕਈ ਵੱਡੇ ਪੱਧਰ 'ਤੇ ਛਾਪੇ ਮਾਰੇ ਗਏ ਸਨ। ਮਿਸੀਸਿਪੀ ਦੇ ਦੱਖਣੀ ਜ਼ਿਲ੍ਹਾ ਦੇ ਯੂ. ਐੱਸ. ਅਟਾਰਨੀ ਮਾਈਕ ਹੌਰਸਟ ਨੇ ਕਿਹਾ ਕਿ ਬੇਸ਼ੱਕ ਸਾਡਾ ਦੇਸ਼ ਪ੍ਰਵਾਸੀਆਂ ਦਾ ਇਕ ਰਾਸ਼ਟਰ ਹੈ ਪਰ ਲੋਕਾਂ ਨੂੰ ਇੱਥੇ ਕਾਨੂੰਨੀ ਤੌਰ 'ਤੇ ਆਉਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਇਥੇ ਨਹੀਂ ਆਉਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਟਰੰਪ ਸ਼ੁਰੂ ਤੋਂ ਹੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ ਰਹੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਵੀ ਇਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਭਾਸ਼ਣਾਂ 'ਚ ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਲੋਕਾਂ ਨੂੰ ਨਿਸ਼ਾਨੇ 'ਤੇ ਲਿਆ ਸੀ। ਟਰੰਪ ਦਾ ਮੰਨਣਾ ਹੈ ਕਿ ਜੋ ਬਾਹਰਲੇ ਲੋਕ ਗਲਤ ਤਰੀਕੇ ਨਾਲ ਅਮਰੀਕਾ 'ਚ ਰਹਿੰਦੇ ਹਨ, ਉਹ ਇੱਥੇ ਨਸ਼ਾ ਫੈਲਾਉਣ ਅਤੇ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।