ਅਮਰੀਕਾ :  ਮੈਕਡੋਨਲਡਜ਼ ਆਪਣੀ ਮਲਕੀਅਤ ਵਾਲੇ ਸਟੋਰਾਂ ’ਚ ਕਾਮਿਆਂ ਦੀ ਵਧਾਏਗਾ ਤਨਖਾਹ

05/15/2021 2:14:14 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਫਾਸਟ ਫੂਡ ਚੇਨ ਕੰਪਨੀ ਮੈਕਡੋਨਲਡ ਹਜ਼ਾਰਾਂ ਨਵੇਂ ਕਾਮਿਆਂ ਨੂੰ ਨੌਕਰੀ ਦੇਣ ਦੇ ਨਾਲ ਦੇਸ਼ ’ਚ ਕੰਪਨੀ ਦੀ ਮਲਕੀਅਤ ਵਾਲੇ 650 ਸਟੋਰਾਂ ’ਤੇ ਕਾਮਿਆਂ ਦੀਆਂ ਤਨਖਾਹਾਂ ’ਚ ਵਾਧਾ ਕਰ ਰਹੀ ਹੈ। ਸ਼ਿਕਾਗੋ ਸਥਿਤ ਫਾਸਟ-ਫੂਡ ਕੰਪਨੀ ਨੇ ਵੀਰਵਾਰ ਕਿਹਾ ਕਿ ਕੰਪਨੀ ਸਟੋਰਾਂ ’ਤੇ ਇਸ ਦੀ ਘੰਟਾਵਾਰ ਤਨਖਾਹ ਅਗਲੇ ਕੁਝ ਮਹੀਨਿਆਂ ’ਚ ਔਸਤਨ 10 ਫੀਸਦੀ ਵਧ ਕੇ 13 ਡਾਲਰ ਹੋ ਜਾਵੇਗੀ ਅਤੇ 2024 ਤੱਕ ਇਹ 15 ਡਾਲਰ ਹੋ ਜਾਵੇਗੀ। ਇਸ ਦੇ ਐਂਟਰੀ ਲੈਵਲ ਦੇ ਕਰਮਚਾਰੀ ਇੱਕ ਘੰਟੇ ਵਿੱਚ ਘੱਟੋ-ਘੱਟ 11 ਡਾਲਰ ਕਮਾਉਣਗੇ, ਜਦਕਿ ਸ਼ਿਫਟ ਮੈਨੇਜਰ ਨੂੰ ਪ੍ਰਤੀ ਘੰਟਾ ਘੱਟੋ-ਘੱਟ 15 ਡਾਲਰ ਮਿਲਣਗੇ ਪਰ ਮੈਕਡੋਨਲਡ ਦੇ 14,000 ਅਮਰੀਕੀ ਸਟੋਰਾਂ ’ਚੋਂ ਸਿਰਫ 5 ਫੀਸਦੀ ਹੀ ਕੰਪਨੀ ਦੀ ਮਾਲਕੀਅਤ ਵਾਲੇ ਹਨ।

ਅਮਰੀਕਾ ’ਚ ਹੋਰ 95 ਫੀਸਦੀ ਸਟੋਰਾਂ ਦੀ ਮਾਲਕੀ ਫ੍ਰੈਂਚਾਇਜ਼ੀ ਦੇ ਤੌਰ ’ਤੇ ਹੈ, ਜੋ ਆਪਣੇ ਰੈਸਟੋਰੈਂਟਾਂ ’ਚ ਤਨਖਾਹ ਨਿਰਧਾਰਤ ਕਰਦੇ ਹਨ। ਮੈਕਡੋਨਲਡਜ਼ ਨੇ ਕਿਹਾ ਕਿ ਉਹ ਆਪਣੀਆਂ ਫ੍ਰੈਂਚਾਇਜ਼ੀਆਂ ਨੂੰ ਆਪਣੀ ਲੀਡ ਦੀ ਪਾਲਣਾ ਕਰਨ ਲਈ ਰਾਜ਼ੀ ਕਰਨ ਦੀ ਉਮੀਦ ਕਰਦਾ ਹੈ। ਅਮਰੀਕਾ ਦੇ ਨੈਸ਼ਨਲ ਫ੍ਰੈਂਚਾਇਜ਼ੀ ਲੀਡਰਸ਼ਿਪ ਅਲਾਇੰਸ-ਜੋ ਫ੍ਰੈਂਚਾਇਜ਼ੀਜ਼ ਵੱਲੋਂ ਕੰਪਨੀ ਨਾਲ ਗੱਲਬਾਤ ਕਰਦਾ ਹੈ, ਨੇ ਤਨਖਾਹ ਵਾਧੇ ਲਈ ਸਮਰਥਨ ਜ਼ਾਹਿਰ ਕੀਤਾ ਹੈ। ਮੈਕਡੋਨਲਡਜ਼ ਤਨਖਾਹ ਵਧਾਉਣ ਦਾ ਐਲਾਨ ਕਰਨ ਵਾਲੀ ਲੇਟੈਸਟ ਰੈਸਟੋਰੈਂਟ ਲੜੀ ਹੈ। ਇਸ ਤੋਂ ਪਹਿਲਾਂ ਚਿੱਪੋਟਲ ਨੇ ਸੋਮਵਾਰ ਕਿਹਾ ਕਿ ਇਹ ਜੂਨ ਦੇ ਅੰਤ ਤੱਕ ਕਰਮਚਾਰੀਆਂ ਦੀ ਤਨਖਾਹ ਔਸਤਨ 15 ਡਾਲਰ ਪ੍ਰਤੀ ਘੰਟਾ ਵਧਾਏਗੀ। ਓਲਿਵ ਗਾਰਡਨ ਅਤੇ ਹੋਰ ਚੇਨਜ਼ ਦੇ ਮਾਲਕ, ਡਰਡੇਨ ਰੈਸਟੋਰੈਂਟ ਵੀ 2023 ਤੱਕ ਕਰਮਚਾਰੀਆਂ ਨੂੰ 12 ਡਾਲਰ ਪ੍ਰਤੀ ਘੰਟੇ ਦੀ ਗਾਰੰਟੀ ਦੇਵੇਗਾ। ਇਸ ਤੋਂ ਇਲਾਵਾ ਐਮੇਜ਼ੋਨ, ਕੌਸਟਕੋ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਵੀ ਹਾਲ ਹੀ ਦੇ ਹਫਤਿਆਂ ’ਚ ਤਨਖਾਹ ਵਧਾਉਣ ਦਾ ਐਲਾਨ ਕੀਤਾ ਹੈ।

Manoj

This news is Content Editor Manoj