ਸੱਤਾ ''ਚ ਆਉਣ ''ਤੇ ਭਾਰਤ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੋਵੇਗੀ ਤਰਜੀਹ :ਬਿਡੇਨ

07/02/2020 6:29:10 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਡੈਮਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਦਾ ਕਹਿਣਾ ਹੈ ਕਿ ਜੇਕਰ ਉਹ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਜਿੱਤ ਜਾਂਦੇ ਹਨ ਤਾਂ ਭਾਰਤ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨਗੇ। ਬਿਡੇਨ ਨੇ ਭਾਰਤ ਨੂੰ ਕੁਦਰਤੀ ਹਿੱਸੇਦਾਰ ਦੱਸਦਿਆਂ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਦੀ ਤਰਜੀਹ ਭਾਰਤ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਵੱਲ ਹੋਵੇਗੀ।

ਵਰਚੁਅਲ ਫੰਡ ਰੇਜਰ ਪ੍ਰੋਗਰਾਮ ਵਿਚ ਜਦੋਂ ਉਹਨਾਂ ਤੋਂ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ,''ਸਾਡੀ ਸੁਰੱਖਿਆ ਦੇ ਲਈ ਭਾਰਤ ਨੂੰ ਇਸ ਖੇਤਰ ਵਿਚ ਹਿੱਸੇਦਾਰ ਬਣਾਉਣ ਦੀ ਲੋੜ ਹੈ ਅਤੇ  ਸਪਸ਼ੱਟ ਤੌਰ 'ਤੇ ਉਹਨਾਂ ਲਈ ਵੀ।'' ਇਸ ਪ੍ਰੋਗਰਾਮ ਦਾ ਆਯੋਜਨ ਬੀਕਨ ਕੈਪੀਟਲ ਪਾਰਟਨਰਜ਼ ਦੇ ਪ੍ਰਧਾਨ ਅਤੇ ਸੀ.ਈ.ਓ. ਐਲਨ ਲੇਵੇਂਟਲ ਨੇ ਕੀਤਾ ਸੀ। ਸਾਬਕਾ ਉਪ ਰਾਸ਼ਟਰਪਤੀ ਦਾ ਕਹਿਣਾ ਹੈਕਿ ਭਾਰਤ ਅਤੇ ਅਮਰੀਕਾ ਕੁਦਰਤੀ ਹਿੱਸੇਦਾਰ ਹਨ। ਇਕ ਸਵਾਲ ਦੇ ਜਵਾਬ ਵਿਚ ਬਿਡੇਨ ਨੇ ਕਿਹਾ,''ਸਾਡੀ ਸੁਰੱਖਿਆ ਵਿਚ ਇਹ ਹਿੱਸੇਦਾਰੀ, ਰਣਨੀਤਕ ਹਿੱਸੇਦਾਰੀ ਜ਼ਰੂਰੀ ਅਤੇ ਮਹੱਤਵਪੂਰਨ ਹੈ।'' 

ਉਪ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ 8 ਸਾਲਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ,''ਕਰੀਬ ਇਕ ਦਹਾਕੇ ਪਹਿਲਾਂ ਸਾਡੇ ਪ੍ਰਸ਼ਾਸਨ ਵਿਚ ਅਮਰੀਕਾ-ਭਾਰਤ ਗੈਰ ਮਿਲਟਰੀ ਪਰਮਾਣੂ ਸਮਝੌਤਾ ਕਰਾਉਣ ਵਿਚ ਨਿਭਾਈ ਭੂਮਿਕਾ 'ਤੇ ਮੈਨੂੰ ਮਾਣ ਹੈ। ਜੋ ਕਿ ਇਕ ਵੱਡਾ ਸਮਝੌਤਾ ਹੈ।'' ਬਿਡੇਨ ਨੇ ਕਿਹਾ,''ਸਾਡੇ ਸੰਬੰਧਾਂ ਵਿਚ ਮਹਾਨ ਤਰੱਕੀ ਦੇ ਦਰਵਾਜੇ ਖੋਲ੍ਹਣ ਵਿਚ ਮਦਦ ਕਰਨਾ ਅਤੇ ਭਾਰਤ ਦੇ ਨਾਲ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਕਰਨਾ ਓਬਾਮਾ-ਬਿਡੇਨ ਪ੍ਰਸ਼ਾਸਨ ਵਿਚ ਇਕ ਉੱਚ ਤਰਜੀਹ ਸੀ ਅਤੇ ਜੇਕਰ ਮੈਂ ਰਾਸ਼ਟਰਪਤੀ ਚੁਣਿਆ ਗਿਆ ਤਾਂ ਅੱਗੇ ਵੀ ਇਕ ਉੱਚ ਤਰਜੀਹ ਹੋਵੇਗੀ।'' ਨਵੰਬਰ ਚੋਣਾਂ ਸਬੰਧੀ ਬਿਡੇਨ ਨੇ ਕਿਹਾ ਕਿ ਦੇਸ਼ ਦਾ ਭਵਿੱਖ ਵੋਟਿੰਗ 'ਤੇ ਨਿਰਭਰ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਜੀਵਨਕਾਲ ਦੀਆਂ ਸਭ ਤੋਂ ਮਹੱਤਵਪੂਰਨ ਚੋਣਾਂ ਹੈ ਅਤੇ ਦੇਸ਼ ਇਸ ਸਮੇਂ ਆਪਣੀ ਆਤਮਾ ਦੀ ਲੜਾਈ ਵਿਚ ਲੱਗਿਆ ਹੋਇਆ ਹੈ। ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਢੰਗਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਬਿਡੇਨ ਨੇ ਕਿਹਾ,''ਟਰੰਪ ਨੇ ਸ਼ੁਰੂਆਤ ਵਿਚ ਹੀ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ, ਤਿਆਰੀ ਕਰਨ ਤੋਂ ਮਨਾ ਕੀਤਾ ਅਤੇ ਫਿਰ ਦੇਸ਼ ਦੀ ਰੱਖਿਆ ਕਰਨ ਵਿਚ ਅਸਫਲ ਰਹੇ।''

Vandana

This news is Content Editor Vandana