ਟਰੰਪ ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

08/21/2018 10:13:15 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵ੍ਹਾਈਟ ਹਾਊਸ ਵਿਚ ਹੋਏ ਇਕ ਸਮਾਰੋਹ ਵਿਚ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਅਤੇ ਸੀਮਾ ਸੁਰੱਖਿਆ ਕਰਮਚਾਰੀਆਂ ਨੂੰ ਕੱਲ ਸਨਮਾਨਿਤ ਕੀਤਾ। ਪ੍ਰਵਾਸੀ ਬੱਚਿਆਂ (ਜਿਹੜੇ ਇੱਥੇ ਅਮਰੀਕੀ-ਮੈਕਸੀਕੋ ਸੀਮਾ ਪਾਰ ਕਰ ਕੇ ਆਏ) ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰਨ ਦੀ ਟਰੰਪ ਦੀ ਪ੍ਰਸ਼ਾਸਨ ਨੀਤੀ ਦੇ ਬਾਅਦ ਤੋਂ ਇਨ੍ਹਾਂ ਫੈਡਰਲ ਏਜੰਸੀਆਂ 'ਤੇ ਲਗਾਤਾਰ ਨਿਸ਼ਾਨੇ ਵਿੰਨ੍ਹੇ ਜਾ ਰਹੇ ਸਨ। ਟਰੰਪ ਨੇ ਕਿਹਾ,''ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਅਸੀਂ ਤੁਹਾਡਾ ਸਮਰਥਨ ਕਰਦੇ ਹਾਂ। ਸਾਨੂੰ ਹਮੇਸ਼ਾ ਤੁਹਾਡੇ ਸਾਥ ਦਾ ਸਮਰਥਨ ਲੋੜੀਂਦਾ ਰਹੇਗਾ।'' ਉਨ੍ਹਾਂ ਨੇ ਕਿਹਾ,''ਅਮਰੀਕਾ ਨੂੰ ਇਕ ਮਜ਼ਬੂਤ ਦੇਸ਼ ਬਣਾਉਣ ਲਈ ਸਾਡੀਆਂ ਸਰਹੱਦਾਂ ਦਾ ਮਜ਼ਬੂਤ ਹੋਣ ਜ਼ਰੂਰੀ ਹੈ।'' ਟਰੰਪ ਨੇ ਆਈ.ਸੀ.ਈ. (ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ) ਨੂੰ ਭੰਗ ਕਰਨ ਦੀ ਮੰਗ ਕਰਨ ਵਾਲੇ ਕੁਝ ਡੈਮੋਕ੍ਰੇਟਿਕ ਸੰਸਦ ਮੈਂਬਰਾਂ 'ਤੇ ਵੀ ਹਮਲਾ ਬੋਲਿਆ। ਟਰੰਪ ਨੇ ਰਾਜ ਅਤੇ ਸਥਾਨਕ ਨੇਤਾਵਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਨੇਤਾ ਪੂਰੇ ਦੇਸ਼ ਵਿਚ ਆਈ.ਸੀ.ਈ. ਦੇ ਕਰਮਚਾਰੀਆਂ ਨੂੰ ਬੇਇੱਜ਼ਤ ਕਰ ਰਹੇ ਹਨ ਅਤੇ ਅਜਿਹਾ ਕਰ ਕੇ ਉਹ ਸਮਾਜ ਵਿਚ ਅਤਿਵਾਦੀ ਤੱਤਾਂ ਦੀ ਵਕਾਲਤ ਕਰ ਰਹੇ ਹਨ। ਵ੍ਹਾਈਟ ਹਾਊਸ ਵਿਚ ਟਰੰਪ ਨੇ ਕਿਹਾ ਕਿ ਜ਼ਿਆਦਾਤਰ ਲੋਕ ਆਈ.ਸੀ.ਈ. ਦੇ ਸਮਰਥਨ ਵਿਚ ਹਨ ਅਤੇ ਇਸ ਦਾ ਵਿਰੋਧ ਸਿਰਫ ਇਕ ਛੋਟਾ ਸਮੂਹ ਕਰ ਰਿਹਾ ਹੈ।