US ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, ਕੰਪਿਊਟਰ ਬਣਾਉਣ ਵਾਲੀਆਂ 7 ਚੀਨੀ ਕੰਪਨੀਆਂ ’ਤੇ ਲਗਾਈਆਂ ਪਾਬੰਦੀਆਂ

04/10/2021 11:06:02 AM

ਬੀਜਿੰਗ: ਅਮਰੀਕਾ ਅਤੇ ਚੀਨ ਦਰਮਿਆਨ ਤਕਾਨਾਲੋਜੀ ਅਤੇ ਸੁਰੱਖਿਆ ਮਸਲਿਆਂ ‘ਤੇ ਵੀ ਤਣਾਅ ਵਧਦਾ ਜਾ ਰਿਹਾ ਹੈ। ਬਾਈਡੇਨ ਪ੍ਰਸ਼ਾਸਨ ਨੇ 7 ਚੀਨੀ ਸੁਪਰ ਕੰਪਿਊਟਰ ਰਿਸਰਚ ਲੈਬ ਅਤੇ ਨਿਰਮਾਤਾਵਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਪ੍ਰਸ਼ਾਸਨ ਨੇ ਕਿਹਾ ਕਿ ਚੀਨੀ ਫ਼ੌਜ ਹਥਿਆਰਾਂ ਦੇ ਵਿਕਾਸ ਵਿਚ ਇਨ੍ਹਾਂ ਕੰਪਨੀਆਂ ਦੇ ਸੁਪਰ ਕੰਪਿਊਟਰਾਂ ਦੀ ਵਰਤੋਂ ਕਰਦੀ ਹੈ।

ਤਾਜ਼ਾ ਪਾਬੰਦੀਆਂ ਖੋਜਕਰਤਾਵਾਂ ਅਤੇ ਨਿਰਮਾਤਾਵਾਂ ਲਈ ਅਮਰੀਕੀ ਤਕਨਾਲੋਜੀ ਤੱਕ ਪਹੁੰਚ ’ਤੇ ਰੋਕ ਲਗਾਉਂਦੀਆਂ ਹਨ। ਬਾਈਡੇਨ ਨੇ ਕਿਹਾ ਹੈ ਕਿ ਉਹ ਬੀਜਿੰਗ ਨਾਲ ਬਿਹਤਰ ਸਬੰਧ ਚਾਹੁੰਦੇ ਹਨ ਪਰ ਉਨ੍ਹਾਂ ਨੇ ਇਸ ਗੱਲ ਦੇ ਕੋਈ ਸੰਕੇਤ ਨਹੀਂ ਦਿੱਤੇ ਹਨ ਕਿ ਉਹ ਚੀਨੀ ਦੂਰਸੰਚਾਰ ਉਪਰਕਣ ਕੰਪਨੀ ਹੁਆਵੇਈ ਅਤੇ ਹੋਰ ਕੰਪਨੀਆਂ ’ਤੇ ਟਰੰਪ ਵੱੱਲੋਂ ਲਗਾਈਆਂ ਪਾਬੰਦੀਆਂ ਨੂੰ ਵਾਪਸ ਲੈਣਗੇ।

ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਅਤੇ ਬੀਜਿੰਗ ਦਰਮਿਆਨ ਦੱਖਣੀ ਚੀਨ ਸਾਗਰ, ਤਿੱਬਤ, ਹਾਂਗਕਾਂਗ, ਸ਼ਿਨਜਿਆਂਗ ਵਿਚ ਮਨੁੱਖੀ ਅਧਿਕਾਰ ਉਲੰਘਣਾ ਅਤੇ ਕਾਰੋਬਾਰ ਸਮੇਤ ਕਈ ਮਸਲਿਆਂ ’ਤੇ ਪਹਿਲਾਂ ਤੋਂ ਤਣਾਤਣੀ ਚੱਲ ਰਹੀ ਹੈ।
 

cherry

This news is Content Editor cherry