200 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, 4 ਸਾਲਾ ਬੱਚੀਆਂ ਨੇ ਇੰਝ ਬਚਾਈ ਜਾਨ

12/10/2019 5:11:54 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀਆਂ ਦੋ ਜੁੜਵਾਂ ਬੱਚੀਆਂ ਦੇ ਹੌਂਸਲੇ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਇਹਨਾਂ ਬੱਚੀਆਂ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਸਲ ਵਿਚ ਇੱਥੇ ਬੀਤੇ ਦਿਨੀਂ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਇਕ ਕਾਰ ਸੜਕ ਤੋਂ ਹਟ ਕੇ 200 ਫੁੱਟ ਡੂੰਘੀ ਖੱਡ ਵਿਚ ਡਿੱਗ ਪਈ ਅਤੇ ਮਲਬੇ ਵਿਚ ਤਬਦੀਲ ਹੋ ਗਈ।ਕਾਰ ਵਿਚ ਇਕ ਪਿਤਾ ਆਪਣੀਆਂ ਦੋ ਜੁੜਵਾਂ ਬੱਚੀਆਂ ਨਾਲ ਸਫਰ ਕਰ ਰਿਹਾ ਸੀ।ਕਿਸੇ ਨੂੰ ਆਸ ਨਹੀਂ ਸੀ ਕਿ ਇੰਨੀ ਉੱਚਾਈ ਤੋਂ ਡਿੱਗਣ ਦੇ ਬਾਅਦ ਕੋਈ ਬਚਿਆ ਹੋਵੇਗਾ ਪਰ ਜੋ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸੀ।

ਜਾਣਕਾਰੀ ਮੁਤਾਬਕ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਵ੍ਹੀਡਬੇ ਆਈਲੈਂਡ ਵਿਚ ਬੀਤੇ ਸ਼ੁੱਕਰਵਾਰ ਨੂੰ ਇਕ ਕਾਰ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਕਾਰ ਚਲਾ ਰਹੇ 47 ਸਾਲ ਦੇ ਕੋਰੀ ਸਿਮੰਸ ਦੀ ਮੌਤ ਹੋ ਗਈ। ਉੱਥੇ ਉਹਨਾਂ ਦੀ ਕਾਰ ਦੀ ਪਿਛਲੀ ਸੀਟ 'ਤੇ 4 ਸਾਲ ਦੀਆਂ ਉਹਨਾਂ ਦੀਆਂ ਜੁੜਵਾਂ ਬੇਟੀਆਂ ਵੀ ਬੈਠੀਆਂ ਸਨ, ਜਿਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੇ ਬਾਅਦ ਇਹਨਾਂ ਮਾਸੂਮ ਬੱਚੀਆਂ ਨੇ ਸੂਝਬੂਝ ਦਿਖਾਈ। ਬੱਚੀਆਂ ਨੇ ਨਾ ਸਿਰਫ ਆਪਣੀ ਸੀਟ ਬੈਲਟ ਖੋਲ੍ਹੀ ਸਗੋਂ 200 ਫੁੱਟ ਦੀ ਚੜ੍ਹਾਈ ਚੜ੍ਹ ਕੇ ਸੜਕ 'ਤੇ ਪਹੁੰਚੀਆਂ ਅਤੇ ਮਦਦ ਦੀ ਅਪੀਲ ਕੀਤੀ। 

ਸੜਕ ਤੋਂ ਲੰਘ ਰਹੀ ਕਾਰ ਸਵਾਰ ਇਕ ਮਹਿਲਾ ਦੀ ਨਜ਼ਰ ਉਹਨਾਂ 'ਤੇ ਪਈ, ਜਿਸ ਨੇ ਪੁਲਸ ਨੂੰ ਇਸ ਹਾਦਸੇ ਬਾਰੇ ਸੂਚਨਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਸੜਕ ਕਿਨਾਰੇ ਇਕ ਰੁੱਖ ਨਾਲ ਟਕਰਾ ਕੇ ਖੱਡ ਵਿਚ ਡਿੱਗੀ ਸੀ। ਬੱਚੀਆਂ ਦੇ ਪਿਤਾ ਨੇ ਸੀਟ ਬੈਲਟ ਨਹੀਂ ਬੰਨ੍ਹੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਇਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਉਹਨਾਂ ਨੇ ਬੱਚੀਆਂ ਦੇ ਪਿਤਾ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਅਤੇ ਬੱਚੀਆਂ ਦੀ ਹਿੰਮਤ ਦੀ ਤਰੀਫ ਵੀ ਕੀਤੀ।
 

Vandana

This news is Content Editor Vandana