ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਅਮਰੀਕਾ, ਸਹਾਇਤਾ ਰਾਸ਼ੀ ਵਧਾਉਣ ਦਾ ਪ੍ਰਸਤਾਵ ਪੇਸ਼

03/09/2022 12:55:41 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਲਈ ਤਿਆਰ 1.5 ਟ੍ਰਿਲੀਅਨ ਡਾਲਰ ਦੇ ਬਜਟ ਪ੍ਰਸਤਾਵ ਵਿਚ ਯੂਕ੍ਰੇਨ ਅਤੇ ਪੂਰਬੀ ਯੂਰਪੀ ਦੇਸ਼ਾਂ ਦਾ ਸਹਾਇਤਾ ਪੈਕੇਜ ਵਧਾ ਕੇ 14 ਬਿਲੀਅਨ ਡਾਲਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ। ਪ੍ਰਸਤਾਵ ਨੂੰ ਇਸ ਹਫ਼ਤੇ ਦੇ ਅਖੀਰ ਵਿਚ ਕਾਂਗਰਸ ਦੁਆਰਾ ਮਨਜ਼ੂਰੀ ਮਿਲਣ ਦੀ ਉਮੀਦ ਹੈ। ਡੈਮੋਕਰੇਟਿਕ ਅਤੇ ਰਿਪਬਲਿਕਨ ਮੈਂਬਰ ਯੂਕ੍ਰੇਨ ਦੀ ਮਦਦ ਲਈ ਇਕੱਠੇ ਹਨ। ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਹੈ। ਵਾਰਤਾਕਾਰਾਂ ਨੇ ਦੱਸਿਆ ਕਿ ਇਸ ਖੇਤਰ ਲਈ ਫ਼ੌਜੀ, ਮਾਨਵਤਾਵਾਦੀ ਅਤੇ ਆਰਥਿਕ ਸਹਾਇਤਾ ਲਈ ਪੈਕੇਜ ਸੋਮਵਾਰ ਦੇ 12 ਬਿਲੀਅਨ ਡਾਲਰ ਤੋਂ ਵਧਾ ਕੇ 14 ਬਿਲੀਅਨ ਡਾਲਰ ਕਰ ਦਿੱਤਾ ਗਿਆ ਹੈ ਜਦਕਿ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਪਿਛਲੇ ਹਫ਼ਤੇ ਮਦਦ ਰਾਸ਼ੀ ਨੂੰ ਵਧਾ ਕੇ 10 ਬਿਲੀਅਨ ਡਾਲਰ ਕਰਨ ਦੀ ਬੇਨਤੀ ਕੀਤੀ ਗਈ ਸੀ। 

ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਅਸੀਂ ਯੂਕ੍ਰੇਨ ਦਾ ਜ਼ੁਲਮ, ਦਮਨ, ਹਿੰਸਾ ਦੇ ਵਿਰੁੱਧ ਸਮਰਥਨ ਕਰਨ ਜਾ ਰਹੇ ਹਾਂ। ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ 'ਤੇ ਦੋਵਾਂ ਪਾਰਟੀਆਂ ਦੁਆਰਾ ਸਹਿਮਤੀ ਦਿੱਤੀ ਗਈ ਹੈ ਅਤੇ ਇਹ ਯੁੱਧਪੀੜਤ ਦੇਸ਼ ਦੀ ਮਦਦ ਕਰਨ ਲਈ ਕਾਂਗਰਸ (ਯੂਐਸ ਪਾਰਲੀਮੈਂਟ) ਦੀ ਇੱਛਾ ਨੂੰ ਦਰਸਾਉਂਦੀ ਹੈ ਪਰ ਕੁਝ ਮੈਂਬਰ ਅਜਿਹੇ ਵੀ ਹਨ ਜਿਨ੍ਹਾਂ ਨੇ ਕੁਝ ਇਤਰਾਜ਼ ਉਠਾਏ ਹਨ। ਰਿਪਬਲਿਕਨ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਯੂਕ੍ਰੇਨ ਅਤੇ ਨਾਟੋ ਦੇਸ਼ਾਂ ਦੀ ਮਦਦ ਕਰਨ ਅਤੇ ਰੂਸ ਅਤੇ ਉਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਪਾਬੰਦੀਆਂ ਲਗਾਉਣ ਦੇ ਮਾਮਲੇ ਵਿਚ ਬਾਈਡੇਨ ਢਿੱਲ-ਮੱਠ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਪ੍ਰਸ਼ਾਸਨ ਦਾ ਦਾਅਵਾ, ਰੂਸ ਹੁਣ ਵਿਸ਼ਵ ਅਰਥ ਵਿਵਸਥਾ ਲਈ 'ਗੈਰ ਜ਼ਰੂਰੀ' 

ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਯੂਰਪ ਵਿੱਚ ਜੰਗ ਨੇ ਕਾਂਗਰਸ ਨੂੰ ਕੁਝ ਕਰਨ ਅਤੇ ਇਸਨੂੰ ਤੇਜ਼ੀ ਨਾਲ ਕਰਨ 'ਤੇ ਕੇਂਦਰਿਤ ਕੀਤਾ ਹੈ। ਕਾਂਗਰਸ ਨੂੰ ਸ਼ਨੀਵਾਰ ਤੱਕ 1.5 ਟ੍ਰਿਲੀਅਨ ਡਾਲਰ ਦਾ ਬਜਟ ਪਾਸ ਕਰਨਾ ਹੋਵੇਗਾ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਚੋਣ ਸਾਲ ਵਿਚ ਕਈ ਸੰਘੀ ਏਜੰਸੀਆਂ ਨੂੰ ਬੰਦ ਕਰਨਾ ਹੋਵੇਗਾ। ਬਜਟ ਦੀਆਂ ਕਮੀਆਂ ਕਾਰਨ ਕਾਨੂੰਨਸਾਜ਼ ਅਜਿਹਾ ਕਰਨ ਤੋਂ ਬਚਣਾ ਚਾਹੁੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana