ਅਮਰੀਕੀ ਰਾਸ਼ਟਰਪਤੀ ਚੋਣਾਂ: ਬਹਿਸ ਦੌਰਾਨ ਆਪਸ ਵਿਚ ਭਿੜੇ ਡੈਮੋਕ੍ਰੇਟਿਕ ਦਾਅਵੇਦਾਰਾਂ

12/20/2019 4:00:28 PM

ਲਾਸ ਏਂਜਲਸ- ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਡੈਮੋਕ੍ਰੇਟਿਕ ਉਮੀਦਵਾਰ ਬਣਨ ਦੇ ਦਾਅਵੇਦਾਰਾਂ ਨੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਣ ਦੇ ਨਾਲ ਹੀ ਬਹਿਸ ਦੌਰਾਨ ਇਕ-ਦੂਜੇ 'ਤੇ ਵੀ ਤਿੱਖੇ ਹਮਲੇ ਕੀਤੇ। ਟਰੰਪ ਦੇ ਖਿਲਾਫ ਮਹਾਦੋਸ਼ ਦੀ ਕਾਰਵਾਈ ਦੇ ਤਹਿਤ ਸੱਤਾ ਦੀ ਦੁਰਵਰਤੋਂ ਕਰਨ ਤੇ ਕਾਂਗਰਸ ਦੀ ਜਾਂਚ ਵਿਚ ਰੁਕਾਵਟ ਪੈਦਾ ਕਰਨ ਦੇ ਦੋਸ਼ ਰਸਮੀ ਰੂਪ ਨਾਲ ਲਗਾਏ ਜਾਣ ਤੋਂ ਇਕ ਦਿਨ ਬਾਅਦ ਸੱਤਾਂ ਦਾਅਵੇਦਾਰਾਂ ਨੇ ਮਿਲ ਕੇ ਇਹ ਗੱਲ ਕਹੀ ਕਿ 2020 ਵਿਚ ਹੋਣ ਵਾਲੀਆਂ ਚੋਣਾਂ ਵਿਚ ਟਰੰਪ ਨੂੰ ਹਰਾਇਆ ਜਾਣਾ ਚਾਹੀਦਾ ਹੈ।

ਪ੍ਰਮੁੱਖ ਦਾਅਵੇਦਾਰ ਜੋ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਸਾਨੂੰ ਰਾਸ਼ਟਰਪਤੀ ਅਹੁਦੇ ਦੀ ਇਕਸਾਰਤਾ ਨੂੰ ਬਣਾਏ ਰੱਖਣ ਦੀ ਲੋੜ ਹੈ। ਇਕ ਹੋਰ ਦਾਅਵੇਦਾਰ ਬਰਨੀ ਸੈਂਡਰਸ ਨੇ ਦੇਸ਼ ਦੇ ਆਧੁਨਿਕ ਇਤਿਹਾਸ ਵਿਚ ਸਭ ਤੋਂ ਭ੍ਰਿਸ਼ਟ ਪ੍ਰਸ਼ਾਸਨ ਚਲਾਉਣ ਦੇ ਲਈ ਟਰੰਪ ਦੀ ਨਿੰਦਾ ਕੀਤੀ ਜਦਕਿ ਸੈਨੇਟਰ ਐਲਿਜ਼ਾਬੇਥ ਵਾਰੇਨ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਹ ਸਭ ਕਰਨ ਲਈ ਗਰੀਬਾਂ ਨੂੰ ਨਜ਼ਰਅੰਦਾਜ਼ ਕੀਤਾ ਜੋ ਉਹ ਪ੍ਰਭਾਵਸ਼ਾਲੀ ਲੋਕਾਂ ਨਾਲ ਸਬੰਧਿਤ ਅਮੀਰ ਲੋਕਾਂ ਲਈ ਕਰ ਸਕਦੇ ਸਨ।

ਬਹਿਸ ਦੌਰਾਨ ਜਦੋਂ ਨੀਤੀ, ਵਿਵਸਥਾ ਸੇਵਾ ਤੇ ਅਮਰੀਕੀਆਂ ਨੂੰ ਖੁਸ਼ਹਾਲ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਹੋਈ ਤਾਂ ਬਹਿਸ ਹੋਰ ਹਮਲਾਵਰ ਹੋ ਗਈ ਤੇ ਦਾਅਵੇਦਾਰਾਂ ਨੇ ਇਕ-ਦੂਜੇ 'ਤੇ ਜ਼ੋਰਦਾਰ ਹਮਲਾ ਕੀਤਾ। ਵਾਰੇਨ ਨੇ ਸਿਆਸਤ ਵਿਚ ਧਨ ਦੀ ਵਰਤੋਂ ਨੂੰ ਲੈ ਕੇ ਸਾਊਥ ਬੈਂਡ ਦੇ ਮੇਅਰ ਪੀਟੇ ਬੁਟੀਗੀਗ 'ਤੇ ਨਿਸ਼ਾਨਾ ਵਿੰਨ੍ਹਿਆ। ਸੈਨੇਟਰ ਐਮੀ ਕਲੋਬੁਚਰ ਨੇ ਵੀ ਮੇਅਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।

Baljit Singh

This news is Content Editor Baljit Singh