ਨਾਸਾ ਦਾ ਦਾਅਵਾ, ਮੰਗਲ ਗ੍ਰਹਿ 'ਤੇ ਵੀ ਅਕਸਰ ਆਉਂਦੇ ਹਨ ਭੂਚਾਲ

02/25/2020 5:17:49 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਅਧਿਐਨ ਜ਼ਰੀਏ ਮੰਗਲ ਗ੍ਰਹਿ ਜਾਂ ਲਾਲ ਗ੍ਰਹਿ ਨੂੰ ਲੈਕੇ ਇਕ ਵੱਡਾ ਦਾਅਵਾ ਕੀਤਾ ਹੈ। ਉਹਨਾਂ ਮੁਤਾਬਕਨ ਮੰਗਲ ਗ੍ਰਹਿ 'ਤੇ ਵੀ ਅਕਸਰ ਭੂਚਾਲ ਆਉਂਦੇ ਹਨ। ਉੱਥੇ ਭੂਚਾਲ ਦੀ ਤੀਬਰਤਾ ਬਹੁਤ ਘੱਟ ਹੁੰਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਰੋਬੋਟਿਕ ਲੈਂਡਰ 'ਇਨਸਾਈਟ' ਦੀ ਜਾਂਚ ਵਿਚ ਲਾਲ ਗ੍ਰਹਿ 'ਤੇ 450 ਤੋਂ ਜ਼ਿਆਦਾ ਭੂਚਾਲੀ ਸੰਕੇਤਾਂ ਦਾ ਪਤਾ ਚੱਲਿਆ ਹੈ। ਇੱਥੇ ਦੱਸ ਦਈਏ ਕਿ ਮੰਗਲ ਗ੍ਰਹਿ ਦੀ ਸਤਹਿ ਦੇ ਹੇਠਲੇ ਹਿੱਸੇ ਦਾ ਡੂੰਘਾਈ ਨਾਲ ਅਧਿਐਨ ਕਰਨ ਦੇ ਉਦੇਸ਼ ਨਾਲ 'ਇਨਸਾਈਟ' ਨੂੰ ਨਵੰਬਰ 2018 ਵਿਚ ਲਾਲ ਗ੍ਰਹਿ 'ਤੇ ਭੇਜਿਆ ਗਿਆ ਸੀ।

'ਇਨਸਾਈਟ' ਦੇ ਪ੍ਰਮੁੱਖ ਖੋਜਕਰਤਾ ਬਰੂਸ ਬੈਨਡਰਟ ਨੇ ਕਿਹਾ,''ਸਭ ਤੋਂ ਵੱਡੇ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4 ਸੀ। ਇਹ ਤੀਬਰਤਾ ਗ੍ਰਹਿ ਦੇ ਹੇਠਲੇ ਹਿੱਸੇ ਤੱਕ ਪਹੁੰਚਣ ਲਈ ਲੋੜੀਂਦੀ ਨਹੀਂ ਸੀ।'' 'ਨੇਚਰ ਜਿਓਸਾਈਂਸ ਐਂਡ ਨੇਚਰ ਕਮਿਊਨੀਕੇਸ਼ਨ' ਵਿਚ ਪ੍ਰਕਾਸ਼ਿਤ ਇਸ ਸ਼ੋਧ ਵਿਚ ਕਿਹਾ ਗਿਆ ਹੈ ਕਿ ਮੰਗਲ ਗ੍ਰਹਿ 'ਤੇ ਨਾ ਸਿਰਫ ਭੂਚਾਲ ਆਉਂਦੇ ਹਨ ਸਗੋਂ ਧੂੜ ਭਰੀ ਹਨੇਰੀ ਅਤੇ ਅਜੀਬ ਤਰ੍ਹਾਂ ਦੇ ਚੁੰਬਕੀ ਕੰਪਨ ਵੀ ਹੁੰਦੇ ਰਹਿੰਦੇ ਹਨ।

ਖੋਜ ਦੇ ਦੌਰਾਨ ਭੂਚਾਲ ਦਾ ਪਤਾ ਲਗਾਉਣ ਲਈ ਸੈਸਮੋਮੀਟਰ, ਹਵਾ ਦੇ ਦਬਾਅ ਨੂੰ ਮਾਪਣ ਲਈ ਸੈਂਸਰ ਦੇ ਨਾਲ ਹੀ ਗ੍ਰਹਿ ਦੇ ਤਾਪਮਾਨ ਨੂੰ ਜਾਨਣ ਲਈ ਤਾਪ ਦੇ ਪ੍ਰਵਾਹ ਦੀ ਵਰਤੋਂ ਕੀਤੀ ਗਈ ਸੀ। ਇੱਥੇ ਦੱਸ ਦਈਏ ਕਿ ਭੂਚਾਲੀ ਤਰੰਗਾਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ ਜਿਹਨਾਂ ਵਿਚੋਂ ਉਹ ਲੰਘਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਖੋਜ ਨਾਲ ਵਿਗਿਆਨੀਆਂ ਨੂੰ ਮੰਗਲ ਗ੍ਰਹਿ ਦੀ ਅੰਦਰੂਨੀ ਬਣਾਵਟ ਦਾ ਅਧਿਐਨ ਕਰਨ ਵਿਚ ਮਦਦ ਮਿਲੇਗੀ।

ਨਾਸਾ ਨੇ ਕਿਹਾ,''ਇਸ ਨਵੀਂ ਖੋਜ ਨਾਲ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਧਰਤੀ ਸਮੇਤ ਸਾਰੇ ਚੱਟਾਨੀ ਗ੍ਰਹਿ ਸਭ ਤੋਂ ਪਹਿਲਾਂ ਕਿਵੇਂ ਬਣੇ।'' ਇੱਥੇ ਦੱਸ ਦਈਏ ਕਿ 2019 ਦੇ ਅਖੀਰ ਤੱਕ ਇਨਸਾਈਟ ਮੰਗਲ ਗ੍ਰਹਿ 'ਤੇ ਇਕ ਦਿਨ ਵਿਚ ਦੋ ਭੂਚਾਲੀ ਸੰਕੇਤ ਭੇਜ ਰਿਹਾ ਸੀ। ਭਾਵੇਂਕਿ ਵਿਗਿਆਨੀਆਂ ਨੂੰ ਹਾਲੇ ਵੀ ਆਸ ਹੈ ਕਿ ਉਹਨਾਂ ਨੂੰ ਵੱਡੇ ਭੂਚਾਲ ਦੇ ਸੰਕੇਤ ਮਿਲ ਸਕਦੇ ਹਨ। ਖਾਸ ਗੱਲ ਇਹ ਹੈਕਿ ਮੰਗਲ ਗ੍ਰਹਿ 'ਤੇ ਧਰਤੀ ਦੀ ਤਰ੍ਹਾਂ ਟੇਕਟੋਨਿਕ ਪਲੇਟ ਨਹੀਂ ਹੈ ਪਰ ਜਵਾਲਾਮੁਖੀ ਰੂਪ ਨਾਲ ਕਿਰਿਆਸ਼ੀਲ ਖੇਤਰ ਜ਼ਰੂਰ ਹੈ।

'ਇਨਸਾਈਟ' ਲੈਂਡਰ ਨੇ ਮੰਗਲ ਗ੍ਰਹਿ ਦੇ ਮੌਸਮ ਦੇ ਪੈਟਰਨ ਦੇ ਬਾਰੇ ਵਿਚ ਕਈ ਗੱਲਾਂ ਦੱਸੀਆਂ ਹਨ। ਪ੍ਰਕਾਸ਼ਿਤ ਸ਼ੋਧ ਵਿਚ ਕਿਹਾ ਗਿਆ ਹੈ ਕਿ ਮੰਗਲ ਗ੍ਰਹਿ 'ਤੇ ਧਰਤੀ ਦੀ ਤੁਲਨਾ ਵਿਚ ਤਾਪਮਾਨ ਵਿਚ ਉਤਾਰ-ਚੜਾਅ ਦਾ ਤੇਜ਼ ਅਨੁਭਵ ਹੁੰਦਾ ਹੈ। ਅਮਰੀਕਾ ਸਥਿਤ ਕੋਰਨੇਲ ਯੂਨੀਵਰਸਿਟੀ ਦੇ ਡਾਨ ਬੈਨਫੀਲਡ ਨੇ ਕਿਹਾ,''ਮੰਗਲ ਗ੍ਰਹਿ ਦਾ ਵਾਯੂਮੰਡਲ ਇੰਨਾ ਪਤਲਾ ਹੈਕਿ ਧਰਤੀ ਦੇ ਮੁਕਾਬਲੇ ਤੇਜ਼ੀ ਨਾਲ ਗਰਮ ਅਤੇ ਠੰਡਾ ਹੋ ਸਕਦਾ ਹੈ।'' ਸ਼ੋਧ ਕਰਤਾਵਾਂ ਨੇ ਕਿਹਾ ਕਿ ਲੈਂਡਿੰਗ ਦੇ ਲੱਗਭਗ ਇਕ ਮਹੀਨੇ ਬਾਅਦ ਇਨਸਾਈਟ ਨੂੰ ਇਕ ਵੱਡੇ ਧੂੜ ਦੇ ਤੂਫਾਨ ਦਾ ਸਾਹਮਣਾ ਕਰਨਾ ਪਿਆ ਸੀ।

Vandana

This news is Content Editor Vandana