81 ਸਾਲਾ ਪਾਦਰੀ ਕਰਦਾ ਸੀ ਮਾਸੂਮ ਬੱਚਿਆਂ ਦਾ ਯੌਨ ਸ਼ੋਸ਼ਣ, ਮਿਲੀ ਸਜ਼ਾ

09/15/2019 10:30:30 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਇਕ ਰੋਮਨ ਕੈਥੋਲਿਕ ਪਾਦਰੀ ਵੱਲੋਂ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 81 ਸਾਲਾ ਪਾਦਰੀ ਆਰਥਰ ਪੈਰੌਲਟ ਨੇ ਕਈ ਸਾਲ ਤੱਕ ਮਾਸੂਮ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪਾਦਰੀ ਆਰਥਰ ਅਕਸਰ ਬੱਚਿਆਂ ਨਾਲ ਨਹਾਉਂਦਾ ਸੀ ਅਤੇ ਫਿਰ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਦਾ ਸੀ। ਯੌਨ ਸ਼ੋਸ਼ਣ ਕਰਦੇ ਸਮੇਂ ਬੱਚਿਆਂ ਨੂੰ ਕਹਿੰਦਾ ਸੀ,''ਇਹ ਭਗਵਾਨ ਦਾ ਤੋਹਫਾ ਹੈ।'' ਪਾਦਰੀ ਦੇ ਸ਼ੋਸ਼ਣ ਦੇ ਪੀੜਤ ਕਈ ਬੱਚੇ ਬਾਲਗ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਕਈ ਬੱਚਿਆਂ ਨੇ ਆਪਣੀ ਹੱਡ-ਬੀਤੀ ਅਦਾਲਤ ਵਿਚ ਦੱਸੀ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਪਾਦਰੀ ਆਰਥਰ ਪੈਰੌਲਟ ਨੂੰ 30 ਸਾਲ ਜੇਲ ਦੀ ਸਜ਼ਾ ਸੁਣਾਈ।

ਇਕ ਪੀੜਤ ਨੇ ਦੱਸਿਆ,''ਜਦੋਂ ਉਹ 9 ਸਾਲ ਦਾ ਸੀ ਉਦੋਂ ਉਕਤ ਪਾਦਰੀ ਉਸ ਦੇ ਨਾਲ ਨਹਾਉਂਦਾ ਸੀ ਅਤੇ ਫਿਰ ਯੌਨ ਸ਼ੋਸ਼ਣ ਕਰਨ ਤੋਂ ਪਹਿਲਾਂ ਤੋਹਫੇ ਦਿੰਦਾ ਸੀ।'' ਇਕ ਪੀੜਤ ਮਹਿਲਾ ਨੇ ਅਦਾਲਤ ਵਿਚ ਦੱਸਿਆ,''ਉਕਤ ਪਾਦਰੀ ਨੇ ਜਦੋਂ ਪਹਿਲੀ ਵਾਰ ਉਸ ਨੂੰ ਕਿੱਸ ਕੀਤੀ ਤਾਂ ਉਸ ਨੂੰ ਕਿਹਾ ਕਿ ਇਹ ਸਧਾਰਨ ਹੈ ਅਤੇ ਫਿਰ 2 ਸਾਲ ਤੱਕ ਉਸ ਦਾ ਯੌਨ ਸ਼ੋਸ਼ਣ ਕੀਤਾ।'' ਮਹਿਲਾ ਮੁਤਾਬਕ,'' ਉਹ ਜਿਨਸੀ ਸ਼ੋਸ਼ਣ ਕਰਨ ਮਗਰੋਂ ਅਕਸਰ ਕਹਿੰਦਾ ਸੀ ਕਿ ਇਹ ਭਗਵਾਨ ਵੱਲੋਂ ਇਕ ਤੋਹਫਾ ਹੈ।'' ਉੱਥੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਜਿਨਸੀ ਸੰਬੰਧ ਪਹਿਲਾਂ ਉਕਤ ਪਾਦਰੀ ਨਾਲ ਹੀ ਬਣੇ ਸਨ।

ਅਦਾਲਤ ਵਿਚ ਸੁਣਵਾਈ ਦੌਰਾਨ ਪਾਦਰੀ ਇਨ੍ਹਾਂ ਪੀੜਤਾਂ ਨਾਲ ਨਜ਼ਰ ਨਹੀਂ ਸੀ ਮਿਲਾ ਪਾ ਰਿਹਾ। ਬੀਤੇ ਸ਼ੁੱਕਰਵਾਰ ਮਤਲਬ 13 ਸਤੰਬਰ ਨੂੰ ਜ਼ਿਲਾ ਜੱਜ ਮਾਰਥਾ ਵਾਜ਼ਕਿਜ਼ ਨੇ ਅਦਾਲਤ ਵਿਚ ਦੋਸ਼ੀ ਪਾਦਰੀ ਆਰਥਰ ਪੈਰੌਲਟ ਨੂੰ 30 ਸਾਲ ਦੀ ਸਜ਼ਾ ਸੁਣਾਈ। ਆਰਥਰ 'ਤੇ ਇਕ ਨਾਬਾਲਗ ਬੱਚੇ ਨਾਲ ਵੱਖ-ਵੱਖ ਥਾਵਾਂ 'ਤੇ ਸ਼ੋਸ਼ਣ ਕਰਨ ਦਾ ਵੀ ਦੋਸ਼ ਲੱਗਾ ਹੈ। ਜਾਣਕਾਰੀ ਮੁਤਾਬਕ ਆਰਥਰ ਨੇ ਇਸ ਪੀੜਤ ਬੱਚੇ ਦਾ ਸਾਲ 1991 ਅਤੇ 1992 ਵਿਚ ਕਿਰਟਲੈਂਡ ਏਅਰ ਫੋਰਸ ਬੇਸ ਸਮੇਤ ਕਈ ਥਾਵਾਂ 'ਤੇ ਜਿਨਸੀ ਸ਼ੋਸ਼ਣ ਕੀਤਾ।

ਅਦਾਲਤ ਵਿਚ ਦੱਸਿਆ ਗਿਆ ਇਹ ਰੋਮਨ ਕੈਥੋਲਿਕ ਪਾਦਰੀ ਆਰਥਰ ਅਮਰੀਕਾ ਵਿਚ ਕਈ ਦਿਨ ਤੱਕ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਰਿਹਾ ਪਰ ਬਾਅਦ ਵਿਚ ਮੋਰੱਕੋ ਭੱਜ ਗਿਆ। ਸਾਲ 1960, 1970 ਅਤੇ 1980 ਵਿਚ ਆਰਥਰ ਨੇ 7 ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਕਦੇ ਫੌਜ ਵਿਚ ਕਰਨਲ ਰਹਿ ਚੁੱਕੇ ਇਸ ਪਾਦਰੀ ਨੂੰ ਸਾਲ 1990 ਵਿਚ ਨਿਊ ਮੈਕਸੀਕੋ ਵਿਚ ਇਕ ਬੱਚੇ ਦੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ। ਜਦੋਂ ਤੱਕ ਆਰਥਰ ਦੇ ਅਪਰਾਧ ਜਨਤਕ ਕੀਤੇ ਗਏ ਉਹ ਦੇਸ਼ ਛੱਡ ਕੇ ਭੱਜ ਚੁੱਕਾ ਸੀ। ਘਟਨਾ ਦੇ 25 ਸਾਲ ਬਾਅਦ ਉਸ ਨੂੰ ਮੋਰੱਕੋ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਅਮਰੀਕਾ ਲਿਆਂਦਾ ਗਿਆ।

Vandana

This news is Content Editor Vandana