ਅਮਰੀਕਾ ਦੇ 4 ਸੂਬਿਆਂ ''ਚ ''ਮਾਈਕਲ'' ਤੂਫਾਨ ਕਾਰਨ ਘੱਟੋ-ਘੱਟ 30 ਲੋਕ ਮਰੇ

10/17/2018 11:21:31 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ 4 ਸੂਬਿਆਂ 'ਚ 'ਮਾਈਕਲ' ਤੂਫਾਨ ਦੀ ਚਪੇਟ ਵਿਚ ਆਉਣ ਨਾਲ ਘੱਟੋ-ਘੱਟ 30 ਲੋਕ ਮਾਰੇ ਗਏ ਹਨ। ਮੰਗਲਵਾਰ ਨੂੰ ਨਵੇਂ ਸਥਾਨਕ ਅਨੁਮਾਨ ਵਿਚ ਇਹ ਜਾਣਕਾਰੀ ਦਿੱਤੀ ਗਈ। ਸ਼ੇਰਿਫ ਟੌਮੀ ਫੋਰਡ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਫਲੋਰੀਡਾ ਦੇ ਬੇ ਕਾਊਂਟੀ ਵਿਚ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਤੂਫਾਨ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ। ਚੌਥੀ ਸ਼੍ਰੇਣੀ ਦੇ ਇਸ ਤੂਫਾਨ ਨੇ ਜਦੋਂ ਫਲੋਰੀਡਾ ਵਿਚ ਮੈਕਸੀਕੋ ਦੀ ਖਾੜੀ ਨੇੜੇ ਦਸਤਕ ਦਿੱਤੀ ਤਾਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚੱਲ ਰਹੀ ਸੀ। ਇਸ ਤੂਫਾਨ ਦੀ ਚਪੇਟ ਵਿਚ ਆਉਣ ਨਾਲ ਜੌਰਜੀਆ ਵਿਚ ਇਕ, ਉੱਤਰੀ ਕੈਰੋਲੀਨਾ ਵਿਚ 3 ਅਤੇ ਵਰਜੀਨੀਆ ਵਿਚ 6 ਲੋਕ ਮਾਰੇ ਗਏ। ਮਾਈਕਲ ਤੂਫਾਨ ਨੇ ਫਲੋਰੀਡਾ ਵਿਚ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ ਅਤੇ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ।