ਸੰਯੁਕਤ ਰਾਸ਼ਟਰ ''ਚ ਤਾਇਨਾਤ ਰੂਸੀ ਰਾਜਦੂਤ ਦਾ ਦਿਹਾਂਤ, ਪੁਤਿਨ ਨੇ ਪ੍ਰਗਟ ਕੀਤਾ ਦੁੱਖ

02/21/2017 4:22:58 AM

ਮਾਸਕੋ— ਸੰਯੁਕਤ ਰਾਸ਼ਟਰ ''ਚ ਤਾਇਨਾਤ ਰੂਸੀ ਰਾਜਦੂਤ ਵਿਟਾਲੀ ਚਰਕਿਨ ਦਾ ਨਿਊਯਾਰਕ ''ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਰੂਸੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਚਰਕਿਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਨਿਊਯਾਰਕ ਪੋਸਟ ਨੇ ਆਪਣੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਉਨ੍ਹਾਂ ਨੂੰ ਰੂਸੀ ਦੂਤਘਰ ''ਚ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਮੈਨਹਾਟਨ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਦਾ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਫਸੋਸ ਪ੍ਰਗਟ ਕੀਤਾ ਹੈ। 
ਸਮਾਚਾਰ ਕਮੇਟੀ ਤਾਸ ਨੇ ਉਪ-ਰਾਜਦੂਤ ਪਿਓਤਰ ਇਲਯੀਚੇਵ ਦੇ ਹਵਾਲੇ ਤੋਂ ਦੱਸਿਆ,''ਰੂਸ ਲਈ ਇਹ ਇਕ ਸਦਮੇ ਦੀ ਘੜੀ ਹੈ ਅਤੇ ਉਨ੍ਹਾਂ ਦੇ ਦਿਹਾਂਤ ਕਾਰਨ ਜਿਹੜੀ ਥਾਂ ਖਾਲੀ ਹੋਈ ਹੈ, ਉਸ ਨੂੰ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਰੂਸ ਦੇ ਹਿੱਤਾਂ ਦੀ ਰੱਖਿਆ ''ਚ ਲਗਾ ਦਿੱਤੀ ਅਤੇ ਕਈ ਸੰਵੇਦਨਸ਼ੀਲ ਅਹੁਦਿਆਂ ''ਤੇ ਕੰਮ ਕੀਤਾ। ਜ਼ਿਕਰਯੋਗ ਹੈ ਕਿ ਉਹ ਆਪਣਾ 65ਵਾਂ ਜਨਮਦਿਨ ਮਨਾਉਣ ਵਾਲੇ ਸਨ ਪਰ ਇਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ।