ਸੰਯੁਕਤ ਰਾਸ਼ਟਰ ਮੁਖੀ ਨੇ ਫਰਾਂਸ ਹਮਲੇ ਦੀ ਕੀਤੀ ਨਿੰਦਾ

03/25/2018 2:36:23 PM

ਸੰਯੁਕਤ ਰਾਸ਼ਟਰ (ਵਾਰਤਾ)— ਸੰਯੁਕਤ ਰਾਸ਼ਟਰ ਨੇ ਦੱਖਣੀ ਫਰਾਂਸ ਦੇ ਤਰੇਬਿਸ ਸ਼ਹਿਰ ਵਿਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਨਾਲ ਹੀ ਅੱਤਵਾਦ ਨਾਲ ਲੜਨ ਵਿਚ ਆਪਣੇ ਵੱਲੋਂ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਐਂਟੋਨਿਓ ਗੁਤਾਰੇਸ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ ਅਤੇ ਸੁਰੱਖਿਆਂ ਬਲਾਂ ਨੇ ਜਿਸ ਤਰੀਕੇ ਨਾਲ ਇਸ ਮਗਰੋਂ ਜਵਾਬੀ ਕਾਰਵਾਈ ਕੀਤੀ ਉਹ ਕਾਫੀ ਪ੍ਰਸ਼ੰਸਾਯੋਗ ਹੈ। ਇਸ ਕਾਰਵਾਈ ਨਾਲ ਕਾਫੀ ਲੋਕਾਂ ਦੀਆਂ ਜਾਨਾਂ ਬੱਚ ਪਾਈਆਂ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮੁਸੀਬਤ ਦੀ ਇਸ ਘੜੀ ਵਿਚ ਸੰਯੁਕਤ ਰਾਸ਼ਟਰ ਫਰਾਂਸ ਸਰਕਾਰ ਦੇ ਨਾਲ ਹੈ ਅਤੇ ਉਨ੍ਹਾਂ ਦੀ ਅੱਤਵਾਦ ਵਿਰੁੱਧ ਮੁਹਿੰਮ ਵਿਚ ਵੀ ਉਸ ਦੇ ਨਾਲ ਹੈ। ਉਨ੍ਹਾਂ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਗੌਰਤਲਬ ਹੈ ਕਿ ਇਸ ਹਮਲੇ ਵਿਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 176 ਹੋਰ ਜ਼ਖਮੀ ਹੋਏ ਸਨ।