ਬਰਤਾਨੀਆ ''ਚ ਪ੍ਰਵਾਸੀਆਂ ਤੋਂ ਸਿਹਤ ਸੇਵਾਵਾਂ ਲਈ ਸਾਲਾਨਾ ਫ਼ੀਸ ਕੀਤੀ ਦੁੱਗਣੀ

02/08/2018 7:45:54 AM

ਲੰਡਨ,(ਸਮਰਾ)— ਬਰਤਾਨੀਆ 'ਚ 6 ਮਹੀਨੇ ਜਾਂ ਇਸ ਤੋਂ ਵੱਧ ਸਮਾਂ ਰਹਿਣ ਵਾਲੇ ਵਿਦੇਸ਼ੀਆਂ ਕੋਲੋਂ ਸਾਲਾਨਾ ਫ਼ੀਸ (ਸਰਚਾਰਜ) 200 ਪੌਂਡ ਤੋਂ ਵਧਾ ਕੇ 400 ਪੌਂਡ ਕਰ ਦਿੱਤੀ ਗਈ ਹੈ, ਜਦਕਿ ਆਰਜ਼ੀ ਤੌਰ 'ਤੇ ਆਉਣ ਵਾਲੇ ਯਾਤਰੀਆਂ ਨੂੰ ਇਸ ਤੋਂ ਛੋਟ ਹੋਵੇਗੀ । ਸਿਹਤ ਮੰਤਰੀ ਜੇਮਜ਼ ਓ. ਸ਼ੌਗਨੇਸੀ ਨੇ ਕਿਹਾ ਕਿ ਜਦੋਂ ਵੀ ਲੋੜ ਹੁੰਦੀ ਹੈ, ਸਾਡੀ ਸਿਹਤ ਸੇਵਾ ਹਰ ਵੇਲੇ ਹਾਜ਼ਰ ਹੈ, ਜੋ ਬਰਤਾਨਵੀ ਟੈਕਸ ਅਦਾ ਕਰਨ ਵਾਲਿਆਂ ਕਾਰਨ ਚੱਲਦੀ ਹੈ। ਅਸੀਂ ਲੰਮਾ ਸਮਾਂ ਰਹਿਣ ਵਾਲੇ ਪ੍ਰਵਾਸੀਆਂ ਦਾ ਐਨ. ਐੱਚ. ਐਸ. ਦੀ ਵਰਤੋਂ ਕਰਨ ਦਾ ਸਵਾਗਤ ਕਰਦੇ ਹਾਂ, ਪਰ ਇਹ ਫਿਰ ਹੀ ਠੀਕ ਹੋਵੇਗਾ, ਜੇਕਰ ਉਹ ਇਸ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ।
ਸਰਕਾਰ ਵਲੋਂ ਸਿਹਤ ਵਿਭਾਗ ਲਈ 220 ਮਿਲੀਅਨ ਪਾਡ ਇਕ ਸਾਲ ਲਈ ਮਦਦ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਇਸ ਤਰ੍ਹਾਂ ਕਰਕੇ ਪ੍ਰਵਾਸੀ ਮਰੀਜ਼ਾਂ ਪਾਸੋਂ 2017-18 ਦਰਮਿਆਨ 500 ਮਿਲੀਅਨ ਪੌਂਡ ਇਕੱਠਾ ਹੋਵੇਗਾ, ਜਦਕਿ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2016-17 ਦਰਮਿਆਨ 358 ਮਿਲੀਅਨ ਪੌਂਡ ਪ੍ਰਵਾਸੀ ਮਰੀਜ਼ਾਂ ਪਾਸੋਂ ਇਕੱਤਰ ਹੋਇਆ ਸੀ, ਜਿਸ ਵਿਚ 210 ਮਿਲੀਅਨ ਪਾਡ ਇੰਮੀਗ੍ਰੇਸ਼ਨ ਸਿਹਤ ਸਰਚਾਰਜ ਵੀ ਸ਼ਾਮਿਲ ਹੈ । ਇਹ ਸਰਚਾਰਜ ਇੰਮੀਗ੍ਰੇਸ਼ਨ ਸਬੰਧੀ ਅਰਜ਼ੀ ਦੇਣ ਮੌਕੇ ਅਦਾ ਕਰਨਾ ਪੈਂਦਾ ਹੈ। ਸਿਹਤ ਮੰਤਰੀ ਕੈਰੋਲਿਨ ਨੌਕਸ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਚਲਾਉਣ ਲਈ ਜੋ ਲੋਕ ਯੂ.ਕੇ. ਆਉਂਦੇ ਹਨ, ਉਨ੍ਹਾਂ ਨੂੰ ਕੁਝ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂ.ਕੇ. ਵਲੋਂ ਸਿਹਤ ਸੇਵਾਵਾਂ ਲਈ ਲਏ ਜਾਣ ਵਾਲਾ ਇਹ ਸਰਚਾਰਜ ਦੂਸਰੇ ਮੁਲਕਾਂ ਨਾਲੋਂ ਕਾਫ਼ੀ ਘੱਟ ਹੈ ।