ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਨੇ ਕੀਤੀ ਮੀਟਿੰਗ

09/15/2021 11:42:44 AM

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ):  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਵਾਡ ਸਿਖਰ ਸੰਮੇਲਨ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਇਜਲਾਸ ਵਿਚ ਭਾਗ ਲੈਣ ਲਈ ਇਸੇ ਮਹੀਨੇ ਦੀ 24 ਅਤੇ 25 ਸਤੰਬਰ ਨੂੰ ਅਮਰੀਕਾ ਵਿਖੇ ਆ ਰਹੇ ਹਨ। ਉਹਨਾਂ ਦੇ ਇਸ ਦੌਰੇ ਦੇ ਮੱਦੇਨਜ਼ਰ ਵਾਸ਼ਿੰਗਟਨ ਡੀ.ਸੀ. ਦੇ ਸ਼ਹਿਰ ਕੋਲੰਬੀਆ ਦੇ ਭਾਰਤੀ ਰੌਇਲ ਤਾਜ ਰੈਸਟੋਰੈਂਟ ’ਚ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ (ਯੂ.ਐੱਸ.ਏ) ਦੇ ਆਗੂਆਂ ਵਲੋਂ ਸ: ਬਲਜਿੰਦਰ ਸਿੰਘ ਸ਼ੰਮੀ ਦੀ ਅਗਵਾਈ ’ਚ ਇਕ ਹੰਗਾਮੀ ਮੀਟਿੰਗ ਕੀਤੀ ਗਈ। 

ਇਸ ਮੀਟਿੰਗ ਵਿੱਚ ਬਲਜਿੰਦਰ ਸਿੰਘ ਸ਼ੰਮੀ ਤੋਂ ਇਲਾਵਾ ਗੁਰਵਿੰਦਰ ਸੇਠੀ, ਸਰਬਜੀਤ ਢਿੱਲੋਂ, ਰਜਿੰਦਰ ਸਿੰਘ ਗੋਗੀ, ਬਲਜੀਤ ਗਿੱਲ, ਸੁਰਿੰਦਰ ਸਿੰਘ ਬਾਬੂ, ਕਰਮਜੀਤ ਸਿੰਘ, ਸ਼ਿਵਰਾਜ ਸਿੰਘ ਗੁਰਾਇਆ, ਸਰਬਜੀਤ ਸਿੰਘ, ਗੁਰਮੇਲ ਸਿੰਘ, ਬਲਜੀਤ ਸਿੰਘ ਅਤੇ ਸੰਦੀਪ ਸਿੰਘ ਰੰਧਾਵਾ ਵਰਗੇ ਕਿਸਾਨ ਦਰਦੀ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਵਿਚ ਕਿਸਾਨ ਮੋਰਚੇ ਸਬੰਧੀ ਅਹਿਮ ਵਿਚਾਰਾਂ ਹੋਈਆਂ ਅਤੇ ਲੰਬਾ ਸਮਾਂ ਚੱਲੀ ਮੀਟਿੰਗ ਉਪਰੰਤ ਸ੍ਰ. ਬਲਜਿੰਦਰ ਸਿੰਘ ਸ਼ੰਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ’ਤੇ ਆ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ : ਕਾਬੁਲ 'ਚ ਬੰਦੂਕ ਦੀ ਨੋਕ 'ਤੇ ਭਾਰਤੀ ਕਾਰੋਬਾਰੀ ਅਗਵਾ

ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ (ਯੂ.ਐੱਸ.ਏ) ਨੇ ਇਹ ਯੋਜਨਾ ਬਣਾਈ ਹੈ ਕਿ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਮੰਗ ਪੱਤਰ ਸੌਂਪਿਆ ਜਾਵੇ। ਸ੍ਰ. ਸ਼ੰਮੀ ਨੇ ਕਿਹਾ ਕਿ ਇਹ ਮੰਗ ਪੱਤਰ ਦੀ ਰੂਪ ਰੇਖਾ ਕੀ ਹੋਵੇ ਅਤੇ ਇਹ ਕਿਵੇਂ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਵੇ, ਸਬੰਧੀ ਕਾਫੀ ਵਿਚਾਰਾਂ ਹੋਈਆਂ ਅਤੇ ਕਈ ਸਿੱਟੇ ਕੱਢੇ ਗਏ, ਜਿਸ ਸਬੰਧੀ ਆਉਣ ਵਾਲੇ ਸਮੇਂ ਵਿਚ ਦੱਸ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ (ਯੂ.ਐੱਸ.ਏ) ਦੇਸ਼ ਦੇ ਕਿਸਾਨਾਂ ਵਲੋਂ ਲੜੇ ਜਾ ਰਹੇ ਕਿਸਾਨੀ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਤੇ ਖੜ੍ਹਾ ਰਹੇਗਾ।

Vandana

This news is Content Editor Vandana