UAE ਤੋਂ ਵਾਪਸ ਆਉਣ ਦੇ ਚਾਹਵਾਨ ਭਾਰਤੀ ਪੂਰੀ ਕਰਨ ਇਹ ਸ਼ਰਤ

05/06/2020 6:14:07 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (UAE) ਦੇ ਆਬੂ ਧਾਬੀ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਸਿਰਫ ਉਹਨਾਂ ਭਾਰਤੀਆਂ ਨੂੰ ਦੇਸ਼ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਹਨਾਂ ਨੂੰ ਯੂ.ਏ.ਈ. ਦੇ ਸਿਹਤ ਅਧਿਕਾਰੀ ਮਨਜ਼ੂਰੀ ਦੇਣਗੇ ਅਤੇ ਜਿਹਨਾਂ ਵਿਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਹੋਵੇਗਾ। ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਕੱਢਣ ਦੀ ਕੋਸ਼ਿਸ਼ ਵੀਰਵਾਰ ਤੋਂ ਸ਼ੁਰੂ ਹੋਵੇਗੀ। ਭਾਰਤ ਸਰਕਾਰ ਨੇ ਸੋਮਵਾਰ ਨੂੰ 7 ਮਈ ਤੋਂ ਵਿਦੇਸ਼ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਲੜੀਬੱਧ ਤਰੀਕੇ ਨਾਲ ਕੱਢਣ ਦੀ ਯੋਜਨਾ ਦਾ ਐਲਾਨ ਕੀਤਾ ਸੀ।

ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਏਅਰ ਇੰਡੀਆ ਕੋਰੋਨਾਵਾਇਰਸ ਕਾਰਨ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਦੇ ਲਈ 64 ਉਡਾਣਾਂ ਦਾ ਸੰਚਾਲਨ ਕਰੇਗੀ। ਇਹਨਾਂ ਵਿਚ ਕਰੀਬ 15,000 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਜਾਵੇਗਾ। ਯੂ.ਏ.ਈ. ਵਿਚ ਭਾਰਤੀ ਰਾਜਦੂਤ ਪਵਨ ਕਪੂਰ ਨੇ ਕਿਹਾ ਹੈ ਕਿ ਯੂ.ਏ.ਈ. ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੀਰਵਾਰ ਨੂੰ 2 ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਹੋਵੇਗਾ। ਇਸ ਦੀ ਸ਼ੁਰੂਆਤ ਕੇਰਲ ਦੇ ਲੋਕਾਂ ਨਾਲ ਹੋਵੇਗੀ ਜਿਹਨਾਂ ਨੇ ਇੱਥੇ ਦੇਸ਼ ਵਾਪਸੀ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਯੂ.ਏ.ਈ. ਵਿਚ ਕੇਰਲ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ। 

ਆਬੂ ਧਾਬੀ ਵਿਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅੱਡੇ ਵੱਲ ਰਵਾਨਾ ਹੋਣ ਵਾਲੇ ਸਾਰੇ ਯਾਤਰੀਆਂ ਨੂੰ ਮੈਡੀਕਲ ਸਕ੍ਰੀਨਿੰਗ ਅਤੇ ਆਈ.ਜੀ.ਐੱਮ./ਆਈ.ਜੀ.ਜੀ. ਜਾਂਚ ਕਰਵਾਉਣੀ ਹੋਵੇਗੀ ਅਤੇ ਸਿਰਫ ਉਹਨਾਂ ਨੂੰ ਜਹਾਜ਼ ਵਿਚ ਸਵਾਰ ਹੋਣ ਦਿੱਤਾ ਜਾਵੇਗਾ ਜਿਹਨਾਂ ਨੂੰ ਯੂ.ਏ.ਈ. ਦੇ ਸਿਹਤ ਅਧਿਕਾਰੀ ਮਨਜ਼ੂਰੀ ਦੇਣਗੇ ਤੇ ਜਿਹਨਾਂ ਵਿਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਪਾਏ ਜਾਣਗੇ। ਦੂਤਾਵਾਸ ਦੇ ਮੁਤਾਬਕ ਸਾਰੇ ਯਾਤਰੀਆਂ ਨੂੰ ਇਕ ਹਲਫਨਾਮੇ 'ਤੇ ਦਸਤਖਤ ਕਰਨੇ ਹੋਣਗੇ ਕਿ ਉਹ ਦੇਸ਼ ਪਹੁੰਚ ਕੇ ਲੋੜੀਂਦੇ ਰੂਪ ਨਾਲ ਕੁਆਰੰਟੀਨ ਵਿਚ ਰਹਿਣਗੇ ਅਤੇ ਇਸ ਦਾ ਖਰਚਾ ਚੁੱਕਣਗੇ। 

ਦੂਤਾਵਾਸ/ ਵਣਜ ਦੂਤਾਵਾਸ ਨੇ 7 ਮਈ ਦੀਆਂ 2 ਉਡਾਣਾਂ ਦੇ ਲਈ ਯਾਤਰੀਆਂ ਦੀ ਸੂਚੀ ਨੂੰ ਆਖਰੀ ਰੂਪ ਦੇ ਦਿੱਤਾ ਹੈ। ਇਸ ਦੇ ਨਾਲ ਹੀ ਟਿਕਟ ਜਾਰੀ ਕਰਨ ਲਈ ਇਸ ਨੂੰ ਏਅਰ ਇੰਡੀਆ ਐਕਸਪ੍ਰੈੱਸ ਨੂੰ ਭੇਜਿਆ ਹੈ। ਗਲਫ ਨਿਊਜ਼ ਨੇ ਖਬਰ ਦਿੱਤੀ ਹੈ ਕਿ ਯੂ.ਏ.ਈ. ਤੋਂ ਭਾਰਤ ਪਰਤਣ ਲਈ 2000 ਤੋਂ ਘੱਟ ਭਾਰਤੀਆਂ ਨੇ ਇੱਛਾ ਜ਼ਾਹਰ ਕੀਤੀ ਹੈ।
 

Vandana

This news is Content Editor Vandana