ਬੇਹੋਸ਼ ਮਹਿਲਾ ਨਾਲ ਹਿੰਸਾ ਨਾ ਹੋਈ ਤਾਂ ਨਹੀਂ ਮੰਨਿਆ ਗਿਆ ''ਬਲਾਤਕਾਰ''

11/02/2019 11:21:16 PM

ਬਾਰਸੀਲੋਨਾ - ਸਪੇਨ ਦੇ ਬਾਰਸੀਲੋਨਾ ਦੀ ਇਕ ਅਦਾਲਤ ਨੇ 14 ਸਾਲ ਦੀ ਇਕ ਕੁੜੀ ਦੇ ਨਾਲ ਗੈਂਗਰੇਪ ਦੇ ਦੋਸ਼ ਨੂੰ ਖਾਰਿਜ਼ ਕਰਦੇ ਹੋਏ ਉਸ ਨੂੰ ਯੌਨ ਸ਼ੋਸ਼ਣ 'ਚ ਤਬਦੀਲ ਕਰ ਦਿੱਤਾ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਮਹਿਲਾ ਅਧਿਕਾਰ ਵਰਕਰ ਆਪਣੇ ਵਿਰੋਧ ਦਰਜ ਕਰਵਾ ਰਹੇ ਹਨ। ਇਸ ਮਾਮਲੇ 'ਚ ਦੋਸ਼ੀ 5 ਲੋਕਾਂ ਨੂੰ ਗੈਂਗਰੇਪ ਦੀ ਥਾਂ ਯੌਨ ਸ਼ੋਸ਼ਣ ਲਈ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣੇ ਫੈਸਲੇ 'ਚ ਆਖਿਆ ਕਿ ਇਹ ਬਲਾਤਕਾਰ ਨਹੀਂ ਹੈ ਕਿਉਂਕਿ ਪੀੜਤਾ ਬੇਹੋਸ਼ੀ ਦੀ ਹਾਲਤ 'ਚ ਸੀ ਅਤੇ ਦੋਸ਼ੀਆਂ ਨੂੰ ਉਸ ਦੇ ਨਾਲ ਹਿੰਸਾ ਕਰਨ ਦੀ ਜ਼ਰੂਰਤ ਨਾ ਪਈ। ਇਹੀ ਕਾਰਨ ਹੈ ਕਿ ਇਸ ਮਾਮਲੇ 'ਚ ਦੋਸ਼ੀ 5 ਲੋਕਾਂ ਨੂੰ ਘੱਟ ਸਜ਼ਾ ਸੁਣਾਈ ਗਈ ਹੈ। ਸਪੇਨ ਦੇ ਕਾਨੂੰਨ ਮੁਤਾਬਕ ਕਿਸੇ ਦੋਸ਼ ਨੂੰ ਬਲਾਤਕਾਰ ਜਾਂ ਯੌਨ ਸ਼ੋਸ਼ਣ ਉਦੋਂ ਮੰਨਿਆ ਜਾਂਦਾ ਹੈ ਜਦ ਉਸ 'ਚ ਸਰੀਰਕ ਬਲ ਜਾਂ ਧਮਕੀ ਦਾ ਇਸਤੇਮਾਲ ਹੋਵੇ। ਅਦਾਲਤ ਦਾ ਇਹ ਫੈਸਲੇ ਉਦੋਂ ਆਇਆ ਹੈ ਜਦ ਇਸ ਸਾਲ ਦੀ ਸ਼ੁਰੂਆਤ 'ਚ ਹੀ ਸਪੇਨ ਦੀ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੇ ਇਕ ਫੈਸਲੇ ਨੂੰ ਪਲਟ ਦਿੱਤਾ ਸੀ ਅਤੇ ਦੋਸ਼ੀਆਂ ਨੂੰ ਬਲਾਤਕਾਰੀ ਦੱਸਿਆ ਸੀ।

ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਅਕਤੂਬਰ 2016 ਦਾ ਹੈ। ਕੈਟੇਲੋਨੀਆ ਦੇ ਉੱਤਰ-ਪੂਰਬੀ ਖੇਤਰ 'ਚ ਵਸੇ ਇਕ ਸ਼ਹਿਰ ਮਾਨਰੇਸਾ 'ਚ ਸ਼ਰਾਬ ਪੀਣ ਦਾ ਇਕ ਪ੍ਰੋਗਰਾਮ ਚਲ ਰਿਹਾ ਸੀ। ਉਥੇ ਇਹ ਕੁੜੀ ਵੀ ਮੌਜੂਦ ਸੀ। ਪ੍ਰੌਸੀਕਿਊਸ਼ਨ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਸਪੇਨ ਦੇ 2, ਕਿਊਬਾ ਦੇ 2 ਅਤੇ ਅਰਜਨਟੀਨਾ ਦੇ 1 ਲੜਕੇ ਨੇ ਮਿਲ ਕੇ ਇਸ ਕੁੜੀ ਦਾ ਯੌਨ ਸ਼ੋਸ਼ਣ ਕੀਤਾ। ਜਿਸ ਸਮੇਂ ਕੁੜੀ ਨਾਲ ਯੌਨ ਸ਼ੋਸ਼ਣ ਕੀਤਾ ਜਾ ਰਿਹਾ ਸੀ ਉਦੋਂ ਉਹ ਸ਼ਰਾਬ ਅਤੇ ਡਰੱਗਸ ਦੇ ਨਸ਼ੇ 'ਚ ਸਨ। ਪੰਜਾਂ ਦੋਸ਼ੀਆਂ ਨੂੰ 10 ਤੋਂ 12 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜੇਕਰ ਉਨ੍ਹਾਂ ਨੂੰ ਸ਼ੋਸ਼ਣ ਅਤੇ ਗੰਭੀਰ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਤਾਂ 15 ਤੋਂ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀ। ਇਸ ਮਾਮਲੇ ਨੂੰ 'ਮਾਨਰੇਸਾ ਵੁਲਫ ਪੈਕ' ਆਖਿਆ ਜਾ ਰਿਹਾ ਹੈ। ਦਰਅਸਲ 2016 'ਚ ਹੀ ਹੋਏ ਇਕ ਹੋਰ ਗੈਂਗਰੇਪ ਦਾ ਮਾਮਲਾ ਇਸ ਨਾਲ ਮਿਲਦਾ-ਜੁਲਦਾ ਹੈ। ਉਸ ਮਾਮਲੇ ਤੋਂ ਬਾਅਦ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਬਲਾਤਕਾਰ ਦੇ ਕਾਨੂੰਨ 'ਚ ਬਦਲਾਅ ਦੀ ਮੰਗ ਉਠੀ ਸੀ।

ਇਸ ਮਾਮਲੇ 'ਚ ਕੀ ਹੋਇਆ?
ਕੁੜੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਉਹ ਥੋੜ੍ਹਾ ਜਿਹਾ ਯਾਦ ਹੈ। ਕੁੜੀ ਨੇ ਦੱਸਿਆ ਕਿ ਉਸ ਨੂੰ ਇਕ ਸ਼ਖਸ ਬੰਦੂਕ ਦਿਖਾ ਰਿਹਾ ਸੀ। ਸਾਰੇ ਦੋਸ਼ੀਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਉਨ੍ਹਾਂ 'ਚੋਂ ਇਕ ਦਾ ਡੀ. ਐੱਨ. ਏ. ਕੁੜੀ ਦੇ ਅੰਡਰਗਾਰਮੇਂਟ 'ਤੇ ਪਾਇਆ ਗਿਆ। ਐੱਲ. ਪੇਸ ਨਾਂ ਦੇ ਸਪੈਨਿਸ਼ ਅਖਬਾਰ ਮੁਤਾਬਕ ਅਦਾਲਤ ਨੇ ਆਪਣੇ ਫੈਸਲੇ 'ਚ ਆਖਿਆ ਕਿ ਪੀੜਤਾ ਨੂੰ ਇਹ ਪਤਾ ਨਹੀਂ ਸੀ ਕਿ ਉਹ ਕੀ ਕਰ ਰਹੀ ਹੈ ਅਤੇ ਕੀ ਨਹੀਂ। ਇਸ ਕਾਰਨ ਉਹ ਦੋਸ਼ੀਆਂ ਦੇ ਸਰੀਰਕ ਸਬੰਧ ਬਣਾਉਣ 'ਤੇ ਸਹਿਮਤੀ ਜਾਂ ਅਸਹਿਮਤੀ ਨਹੀਂ ਦੇ ਸਕਦੀ ਸੀ। ਨਾਲ ਹੀ ਆਖਿਆ ਕਿ ਦੋਸ਼ੀਆਂ ਨੇ ਹਿੰਸਾ ਜਾਂ ਧਮਕੀ ਦਾ ਇਸਤੇਮਾਲ ਕੀਤੇ ਬਿਨਾਂ ਸਰੀਰਕ ਸਬੰਧ ਬਣਾਏ। ਅਦਾਲਤ ਨੇ ਪੀੜਤਾ ਨੂੰ ਉਨ੍ਹਾਂ 'ਤੇ ਹੋਏ ਹਮਲੇ ਲਈ ਲਗਭਗ 94 ਲੱਖ 57 ਰੁਪਏ ਰੁਪਏ ਦੇ ਜ਼ੁਰਮਾਨੇ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਸੁਣਾਇਆ।

ਪੁਰਾਣੇ ਮਾਮਲੇ 'ਚ ਕੀ ਹੋਇਆ?
ਇਸ ਮਾਮਲੇ ਤੋਂ ਪਹਿਲਾਂ ਵੀ ਇਕ ਅਦਾਲਤ ਨੇ ਗੈਂਗਰੇਪ ਦੇ ਮਾਮਲੇ ਨੂੰ ਯੌਨ ਸ਼ੋਸ਼ਣ 'ਚ ਬਦਲ ਦਿੱਤਾ ਸੀ। ਨਵਾਰਾ ਦੀ ਅਦਾਲਤ ਨੇ 18 ਸਾਲ ਦੀ ਇਕ ਲੜਕੀ ਦੇ ਨਾਲ ਹੋਏ ਗੈਂਗਰੇਪ ਦੇ ਦੋਸ਼ ਨੂੰ ਯੌਨ ਸ਼ੋਸ਼ਣ 'ਚ ਬਦਲ ਦਿੱਤਾ ਸੀ। ਇਸ ਮਾਮਲੇ 'ਚ 5 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਸੀ। ਲੜਕੀ ਨੂੰ ਇਕ ਇਮਾਰਤ 'ਚ ਲਿਜਾ ਕੇ ਯੌਨ ਸ਼ੋਸ਼ਣ ਕੀਤਾ ਗਿਆ ਸੀ। ਪੁਲਸ ਰਿਪੋਰਟ ਮੁਤਾਬਕ ਕਿਉਂਕਿ ਉਹ ਲੜਕੀ ਬੇਸੁਧ ਸੀ ਇਸ ਲਈ ਕੋਈ ਧਮਕੀ ਜਾਂ ਹਿੰਸਾ ਦਾ ਇਸਤੇਮਾਲ ਨਹੀਂ ਹੋਇਆ। ਜੂਨ 'ਚ ਸਪੇਨ ਦੀ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਬਦਲ ਦਿੱਤਾ ਸੀ ਅਤੇ ਇਸ ਨੂੰ ਯੌਨ ਹਿੰਸਾ ਮੰਨਦੇ ਹੋਏ ਦੋਸ਼ੀਆਂ ਦੇ ਬਲਾਤਕਾਰੀ ਹੋਣ ਦਾ ਫੈਸਲਾ ਸੁਣਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਪੰਜਾਂ ਲੋਕਾਂ ਦੀ ਸਜ਼ਾ ਨੂੰ 9 ਸਾਲ ਤੋਂ ਵਧਾ ਕੇ 15 ਸਾਲ ਕਰ ਦਿੱਤੀ ਗਈ। ਸਪੇਨ ਦੇ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਬਲਾਤਕਾਰ ਦੇ ਕਾਨੂੰਨ ਦੀ ਸਮੀਖਿਆ ਲਈ ਇਕ ਪੈਨਲ ਦਾ ਗਠਨ ਵੀ ਕੀਤਾ ਸੀ।

Khushdeep Jassi

This news is Content Editor Khushdeep Jassi