ਯੂ. ਐੱਨ. ਮੁਖੀ ਨੇ ਭਾਰਤੀ ਪਾਇਲਟ ਦੀ ਵਾਪਸੀ ਦਾ ਕੀਤਾ ਸਵਾਗਤ

03/02/2019 2:58:43 PM

ਸੰਯੁਕਤ ਰਾਸ਼ਟਰ, (ਭਾਸ਼ਾ)— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਪਾਕਿਸਤਾਨ ਦੀ ਹਿਰਾਸਤ 'ਚ ਬੰਦ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਨੂੰ ਭਾਰਤ ਵਾਪਸ ਭੇਜੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਦੋਹਾਂ ਦੇਸ਼ਾਂ ਨੂੰ ਸਕਾਰਾਤਮ ਲੈਅ ਬਰਕਰਾਰ ਰੱਖਣ ਅਤੇ ਰਚਨਾਤਮਕ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਜਹਾਜ਼ਾਂ ਦਾ ਜਵਾਬ ਦੇਣ ਦੌਰਾਨ ਮਿਗ 21 'ਚ ਖਰਾਬੀ ਆ ਗਈ ਸੀ, ਜਿਸ ਕਾਰਨ ਅਭਿਨੰਦਨ ਪੈਰਾਸ਼ੂਟ ਲਗਾ ਕੇ ਜ਼ਮੀਨ 'ਤੇ ਉੱਤਰੇ ਅਤੇ ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ 'ਚ ਹਨ।

ਪਾਕਿਸਤਾਨ ਨੇ ਅਭਿਨੰਦਨ ਨੂੰ ਫੜ ਲਿਆ ਸੀ। ਇਸ ਦੇ ਤਕਰੀਬਨ 60 ਘੰਟੇ ਬਾਅਦ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਆਪਣੇ ਦੇਸ਼ ਦੇ ਹੀਰੋ ਬਣ ਕੇ ਸ਼ੁੱਕਰਵਾਰ ਨੂੰ ਪਾਕਿਸਤਾਨ ਤੋਂ ਭਾਰਤ ਵਾਪਸ ਆਏ ਸਨ। ਇਸ ਘਟਨਾਕ੍ਰਮ ਦੇ ਬਾਰੇ ਜਨਰਲ ਸਕੱਤਰ ਦੀ ਪ੍ਰਕਿਰਿਆ ਬਾਰੇ ਪੁੱਛੇ ਜਾਣ 'ਤੇ ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ,'' ਸੰਯੁਕਤ ਰਾਸ਼ਟਰ ਮੁਖੀ ਗੁਤਾਰੇਸ ਨੇ ਪਾਕਿਸਤਾਨੀ ਅਧਿਕਾਰੀਆਂ ਵਲੋਂ ਭਾਰਤੀ ਪਾਇਲਟ ਨੂੰ ਰਿਹਾਅ ਕੀਤੇ ਜਾਣ ਦੇ ਸਮਾਚਾਰ ਦਾ ਸਵਾਗਤ ਕੀਤਾ ਹੈ।'' ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਪੱਖਾਂ 'ਤੇ ਸਹਿਮਤੀ ਬਣ ਜਾਵੇ ਤਾਂ ਸੰਯੁਕਤ ਰਾਸ਼ਟਰ ਵਿਚੋਲਗੀ ਲਈ ਤਿਆਰ ਹੈ।