Cold War ਹੋਣ ਦੇ ਸ਼ੱਕ ''ਤੇ UN ਦੇ ਜਨਰਲ ਸਕੱਤਰ ਨੇ ਜਤਾਈ ਚਿੰਤਾ

03/30/2018 10:59:27 PM

ਸੰਯੁਕਤ ਰਾਸ਼ਟਰ — ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਨੇ ਦੁਨੀਆ 'ਚ ਫਿਰ 'ਸ਼ੀਤ ਯੁੱਧ' ਕਾਲ ਸ਼ੁਰੂ ਹੋਣ ਦੇ ਸ਼ੱਕ 'ਤੇ ਚਿੰਤਾ ਜਤਾਈ ਹੈ। ਅਮਰੀਕਾ ਅਤੇ ਰੂਸ ਵਿਚਾਲੇ ਵਧ ਰਹੇ ਤਣਾਅ ਨੂੰ ਦੂਰ ਕਰਨ ਲਈ ਜਨਰਲ ਸਕੱਤਰ ਨੇ ਦੋਹਾਂ ਦੇਸ਼ਾਂ ਵਿਚਾਲੇ ਨਿਯਮਤ ਅਤੇ ਪ੍ਰਭਾਵਸ਼ਾਲੀ ਗੱਲਬਾਤ ਦੀ ਜ਼ਰੂਰਤ ਦੱਸੀ ਹੈ।
ਗੁਤਾਰੇਸ ਦਾ ਇਹ ਬਿਆਨ ਅਮਰੀਕਾ ਵੱਲੋਂ ਇਸ ਹਫਤੇ 60 ਰੂਸੀ ਡਿਪਲੋਮੈਟਾਂ ਨੂੰ ਦੇਸ਼ 'ਚੋ ਕੱਢਣ ਅਤੇ ਉਸ ਦੇ ਜਵਾਬੀ ਕਾਰਵਾਈ 'ਚ ਰੂਸ ਨੇ ਵੀਰਵਾਰ ਨੂੰ ਅਮਰੀਕਾ ਦੇ 60 ਡਿਪਲੋਮੈਟ ਨੂੰ ਕੱਢਣ ਦੇ ਫੈਸਲੇ ਤੋਂ ਬਾਅਦ ਆਇਆ ਹੈ। ਦੋਵਾਂ ਦੇਸ਼ਾਂ ਨੇ ਇਕ-ਇਕ ਵਣਜ ਦੂਤਘਰ ਨੂੰ ਵੀ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ।
ਅਮਰੀਕਾ ਨੇ ਇਹ ਕਦਮ ਬ੍ਰਿਟੇਨ 'ਚ ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਲ 'ਤੇ ਹੋਏ ਕੈਮੀਕਲ ਅਟੈਕ ਦੇ ਵਿਰੋਧ 'ਚ ਚੁੱਕਿਆ ਹੈ। ਅਮਰੀਕਾ ਨੇ ਜਿਹੜੇ ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਫੈਸਲਾ ਲਿਆ ਹੈ ਉਨ੍ਹਾਂ 'ਚ 12 ਸੰਯੁਕਤ ਰਾਸ਼ਟਰ 'ਚ ਤੈਨਾਤ ਸੀ। ਇਨ੍ਹਾਂ 'ਤੇ ਅਮਰੀਕਾ 'ਚ ਰਹਿ ਕੇ ਰੂਸ ਲਈ ਜਾਸੂਸੀ ਕਰਨ ਦਾ ਦੋਸ਼ ਲਾਇਆ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਮੁੱਖ ਦਫਤਰ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਅਮਰੀਕੀ ਨਿਯਮ ਹੀ ਚੱਲਦੇ ਹਨ। ਗੁਤਾਰੇਸ ਸੰਯੁਕਤ ਰਾਸ਼ਟਰ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਸੰਨ 1950 ਤੋਂ 1990 ਤੱਕ ਦੋਹਾਂ ਦੇਸ਼ਾਂ ਵਿਚਾਲੇ ਸ਼ੀਤ ਯੁੱਧ ਜਿਹੀਆਂ ਸਥਿਤੀਆਂ ਸਨ। ਅਮਰੀਕਾ ਅਤੇ ਸੋਵੀਅਤ ਸੰਘ ਇਕ-ਦੂਜੇ ਨੂੰ ਪਿੱਛੇ ਕਰਨ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਸਨ।