ਕਰਤਾਰਪੁਰ ਸਾਹਿਬ ਪਹੁੰਚੇ UN ਮੁਖੀ, ਪੰਗਤ 'ਚ ਬੈਠ ਕੇ ਛਕਿਆ ਲੰਗਰ

02/18/2020 4:26:29 PM

ਲਾਹੌਰ(ਪੀ.ਟੀ.ਆਈ.)- ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਨਾਰੋਵਾਲ ਕਸਬੇ ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਦੌਰਾ ਕੀਤਾ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਨੇ ਲਾਹੌਰ ਤੋਂ ਲਗਭਗ 125 ਕਿਲੋਮੀਟਰ ਦੀ ਦੂਰੀ 'ਤੇ ਕਰਤਾਰਪੁਰ ਸਾਹਿਬ ਵਿਖੇ ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਦਾ ਸਵਾਗਤ ਕੀਤਾ। ਇਸ ਦੌਰਾਨ ਇਕ ਸਿੱਖ ਲੜਕੇ ਨੇ ਉਹਨਾਂ ਨੂੰ ਗੁਲਦਸਤਾ ਭੇਂਟ ਕੀਤਾ। ਗੁਟਰੇਸ ਨੂੰ ਪਾਕਿਸਤਾਨ ਅਤੇ ਭਾਰਤ ਦਰਮਿਆਨ ਕਰਤਾਰਪੁਰ ਲਾਂਘੇ ਦੇ ਸਮਝੌਤੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਨੂੰ ਦੱਸਿਆ ਗਿਆ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਇਹ ਪਹਿਲ ਕੀਤੀ ਗਈ ਹੈ।

ਸੰਤਰੀ ਰੰਗ ਦਾ ਰੁਮਾਲ ਬੰਨ੍ਹੇ ਗੁਤਾਰੇਸ ਨੇ ਗੁਰਦੁਆਰੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਉਹਨਾਂ ਨੂੰ ਸਿੱਖ ਅਤੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਪੰਗਤ ਵਿਚ ਬਿਠਾ ਕਿ ਲੰਗਰ ਛਕਾਇਆ ਗਿਆ। ਦੌਰੇ ਦੌਰਾਨ ਸਖਤ ਸੁਰੱਖਿਆ ਉਪਾਅ ਕੀਤੇ ਗਏ ਸਨ। ਕਰਤਾਰਪੁਰ ਸਾਹਿਬ ਵਿਖੇ ਇਸ ਦੌਰਾਨ ਚੰਗੀ ਗਿਣਤੀ ਵਿਚ ਭਾਰਤੀ ਸਿੱਖ ਵੀ ਮੌਜੂਦ ਸਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 9 ਨਵੰਬਰ 2019 ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਣੇ 500 ਤੋਂ ਵਧ ਭਾਰਤੀ ਸ਼ਰਧਾਲੂਆਂ ਦੇ ਪਹਿਲੇ ਸਮੂਹ ਨੂੰ ਹਰੀ ਝੰਡੀ ਦੇ ਕੇ ਕਰਤਾਰਪੁਰ ਲਈ ਰਵਾਨਾ ਕੀਤਾ ਸੀ। ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਰਾਵੀ ਨਦੀ ਦੇ ਪਾਰ ਸਥਿਤ ਹੈ। ਇਸ ਦੀ ਸਥਾਪਨਾ ਸਿੱਖ ਗੁਰੂ ਵਲੋਂ 1522 ਵਿਚ ਕੀਤੀ ਗਈ ਸੀ।

Baljit Singh

This news is Content Editor Baljit Singh