ਡਿਊਟੀ ਦੌਰਾਨ ਯੂਕ੍ਰੇਨੀ ਫ਼ੌਜੀ ਨੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ

03/08/2022 12:51:11 PM

ਕੀਵ (ਬਿਊਰੋ): ਰੂਸ ਦੇ ਭਿਆਨਕ ਹਮਲੇ ਨਾਲ ਜੂਝ ਰਹੇ ਯੂਕ੍ਰੇਨ ਤੋਂ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਯੂਕ੍ਰੇਨ ਦੇ ਇਕ ਫ਼ੌਜੀ ਨੇ ਆਪਣੀ ਪ੍ਰੇਮਿਕਾ ਨੂੰ ਜਾਣਬੁੱਝ ਕੇ ਚੈਕਪੁਆਇੰਟ 'ਤੇ ਰੋਕ ਲਿਆ ਅਤੇ ਫਿਰ ਬੜੇ ਪਿਆਰ ਨਾਲ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਯੂਕ੍ਰੇਨੀ ਫ਼ੌਜੀ ਦੇ ਅਚਾਨਕ ਪ੍ਰਪੋਜ਼ ਕਰਨ 'ਤੇ ਉਸ ਦੀ ਪ੍ਰੇਮਿਕਾ ਹੈਰਾਨ ਰਹਿ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਫਾਸਟੀਵ ਦੀ ਹੈ, ਜੋ ਕਿ ਰਾਜਧਾਨੀ ਕੀਵ ਨੇੜੇ ਸਥਿਤ ਹੈ।

ਘਟਨਾ ਦੇ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਫ਼ੌਜੀ ਇੱਕ ਚੈੱਕਪੁਆਇੰਟ 'ਤੇ ਆਮ ਨਾਗਰਿਕ ਦੀਆਂ ਕਾਰਾਂ ਦੀ ਤਲਾਸ਼ੀ ਲੈ ਰਹੇ ਹਨ। ਚਾਰ ਲੋਕ ਕਾਰ ਦੇ ਉੱਪਰ ਆਪਣੇ ਹੱਥ ਰੱਖੇ ਦਿਖਾਈ ਦੇ ਰਹੇ ਹਨ। ਉੱਥੇ ਹੋਰ ਫ਼ੌਜੀ ਕਾਰ ਦੇ ਦਸਤਾਵੇਜ਼ ਮੰਗ ਰਹੇ ਹਨ। ਇਸ ਦੌਰਾਨ ਇੱਕ ਸਿਪਾਹੀ ਆਉਂਦਾ ਹੈ, ਜੋ ਆਪਣੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਫੜੇ ਹੁੰਦਾ ਹੈ ਅਤੇ ਇਸ ਨੂੰ ਪਿੱਛੇ ਲੁਕੋਇਆ ਹੁੰਦਾ ਹੈ। ਇਸ ਤੋਂ ਬਾਅਦ ਫ਼ੌਜੀ ਗੋਡਿਆਂ ਭਾਰ ਬੈਠ ਕੇ ਆਪਣੇ ਪ੍ਰੇਮਿਕਾ ਨੂੰ ਪ੍ਰਪੋਜ਼ ਕਰਦਾ ਹੈ।

 

ਪ੍ਰੇਮਿਕਾ ਦੀਆਂ ਅੱਖਾਂ ਵਿਚ ਆਏ ਹੰਝੂ
ਵੀਡੀਓ ਵਿਚ ਅਚਾਨਕ ਤੋਂ ਸੰਗੀਤ ਵੱਜਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਬੁਆਏਫ੍ਰੈਂਡ ਨੂੰ ਸਾਹਮਣੇ ਦੇਖ ਕੇ ਔਰਤ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ। ਇਸ ਤੋਂ ਬਾਅਦ ਬੁਆਏਫ੍ਰੈਂਡ ਨੇ ਪ੍ਰੇਮਿਕਾ ਦੀ ਉਂਗਲੀ 'ਚ ਅੰਗੂਠੀ ਪਾ ਦਿੱਤੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਜੋੜੇ ਨੂੰ ਵਧਾਈ ਦਿੱਤੀ। ਜ਼ੋਨਲ ਡਿਫੈਂਸ ਫੋਰਸ ਦੇ ਫ਼ੌਜੀਆਂ ਨੇ ਚੈਕਪੁਆਇੰਟ 'ਤੇ ਵਿਆਹ 'ਚ ਮਦਦ ਕੀਤੀ। ਮੇਅਰ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਫੁੱਲ ਭੇਂਟ ਕੀਤੇ।ਇਸ ਤੋਂ ਪਹਿਲਾਂ ਕੀਵ ਵਿੱਚ ਇੱਕ ਜੋੜੇ ਨੇ ਜੰਗ ਦੇ ਮੋਰਚੇ 'ਤੇ ਵਿਆਹ ਕੀਤਾ ਸੀ। ਇਸ ਦੌਰਾਨ ਕੀਵ ਦੇ ਮੇਅਰ ਵੀ ਮੌਜੂਦ ਸਨ।

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਦੀਆਂ ਵਧਣਗੀਆਂ ਮੁਸ਼ਕਲਾਂ, ਆਸਟ੍ਰੇਲੀਆ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ

ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਨ ਵਿੱਚ ਰੂਸ ਦੇ ਭਿਆਨਕ ਹਮਲੇ ਜਾਰੀ ਹਨ। ਯੂਕ੍ਰੇਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਨੇੜੇ ਲੜਾਈ ਵਿੱਚ ਇੱਕ ਚੋਟੀ ਦਾ ਰੂਸੀ ਜਨਰਲ ਮਾਰਿਆ ਗਿਆ ਹੈ। ਇਹ ਜਾਣਕਾਰੀ ਯੂਕ੍ਰੇਨ ਦੇ ਰੱਖਿਆ ਅਧਿਕਾਰੀਆਂ ਨੇ ਦਿੱਤੀ। ਸੋਮਵਾਰ ਰਾਤ ਨੂੰ ਇੱਕ ਬਿਆਨ ਵਿੱਚ ਯੂਕ੍ਰੇਨ ਦੇ ਰੱਖਿਆ ਖੁਫੀਆ ਵਿਭਾਗ ਦੇ ਅਧਿਕਾਰੀਆਂ ਨੇ ਮਾਰੇ ਗਏ ਜਨਰਲ ਦੀ ਪਛਾਣ ਵਿਟਾਲੀ ਗੇਰਾਸਿਮੋਵ ਵਜੋਂ ਕੀਤੀ, ਜੋ ਰੂਸ ਦੇ ਕੇਂਦਰੀ ਮਿਲਟਰੀ ਜ਼ਿਲ੍ਹੇ ਦੀ 41ਵੀਂ ਸੈਨਾ ਦਾ ਪ੍ਰਮੁੱਖ ਜਨਰਲ, ਪਹਿਲਾ ਡਿਪਟੀ ਕਮਾਂਡਰ ਅਤੇ ਚੀਫ਼ ਆਫ਼ ਸਟਾਫ਼ ਸੀ। ਬਿਆਨ ਮੁਤਾਬਕ ਗੇਰਾਸਿਮੋਵ ਨੇ ਅਗਸਤ 1999 ਤੋਂ ਅਪ੍ਰੈਲ 2000 ਤੱਕ ਦੂਜੇ ਚੇਚਨ ਯੁੱਧ ਅਤੇ ਸੀਰੀਆ 'ਚ ਰੂਸੀ ਫੌਜੀ ਕਾਰਵਾਈ 'ਚ ਹਿੱਸਾ ਲਿਆ ਸੀ। ਉਸਨੇ ਅੱਗੇ ਕਿਹਾ ਕਿ 'ਜਨਰਲ ਨੂੰ ਕ੍ਰੀਮੀਆ ਦੀ ਵਾਪਸੀ ਲਈ ਇੱਕ ਮੈਡਲ ਮਿਲਿਆ ਸੀ।

Vandana

This news is Content Editor Vandana