ਯੂਕ੍ਰੇਨ ''ਚ ਭੀੜ ਨੂੰ ਕੁਚਲਣ ਵਾਲੀ ਕੁੜੀ ਨੇ ਰੋਂਦੇ ਹੋਏ ਮੰਗੀ ਪੀੜਤ ਲੋਕਾਂ ਤੋਂ ਮੁਆਫੀ (ਤਸਵੀਰਾਂ)

12/15/2017 11:37:09 AM

ਖਾਰਕਿਵ(ਬਿਊਰੋ)— ਯੂਕ੍ਰੇਨ ਵਿਚ ਕਾਰ ਕ੍ਰੈਸ਼ ਵਿਚ 6 ਲੋਕਾਂ ਨੂੰ ਕੁਚਲਣ ਵਾਲੀ ਅਰਬਪਤੀ ਕਾਰੋਬਾਰੀ ਦੀ ਧੀ ਨੇ ਪੀੜਤ ਪਰਿਵਾਰ ਤੋਂ ਮੁਆਫੀ ਮੰਗੀ ਹੈ। 20 ਸਾਲਾ ਆਲੋਨਾ ਜੈਤਸੇਵਾ ਨੇ ਅਦਾਲਤ ਵਿਚ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਉਹ ਸਜ਼ਾ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਸ ਦੌਰਾਨ ਉਹ ਅਦਾਲਤ ਵਿਚ ਹੀ ਰੋ ਰਹੀ ਸੀ। ਦੱਸਣਯੋਗ ਹੈ ਕਿ ਜੈਤਸੇਵਾ ਨੇ ਇਸ ਸਾਲ ਅਕਤੂਬਰ ਵਿਚ ਆਪਣੀ ਲੈਕਸਸ ਕਾਰ ਨਾਲ ਸੜਕ ਪਾਰ ਕਰ ਰਹੇ 11 ਲੋਕਾਂ ਨੂੰ ਕੁਚਲ ਦਿੱਤਾ ਸੀ, ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਗਈ ਸੀ।
10 ਸਾਲ ਦੀ ਹੋ ਸਕਦੀ ਹੈ ਜੇਲ
ਅਦਾਲਤ ਵਿਚ ਹਥਕੜੀ ਪਹਿਨੇ ਜੈਤਸੇਵਾ ਨੇ ਪੀੜਤ ਪਰਿਵਾਰ ਨੂੰ ਕਿਹਾ ਕਿ ਮੈਂ ਸਰਵਾਈਵਰਜ਼ ਅਤੇ ਮ੍ਰਿਤਕਾਂ ਦੇ ਪਰਿਵਾਰ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ। ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਸ ਨਾਲ ਕੁੱਝ ਵੀ ਬਦਲਣ ਵਾਲਾ ਨਹੀਂ ਹੈ ਪਰ ਜੇਕਰ ਹੋ ਸਕੇ ਤਾਂ ਮੈਨੂੰ ਮੁਆਫ ਕਰ ਦਿਓ। ਮੈਂ ਪੀੜਤ ਲੋਕਾਂ ਲਈ ਰੋਜ਼ ਪ੍ਰਾਰਥਨਾ ਕਰ ਰਹੀ ਹਾਂ ਅਤੇ ਨਾਲ ਹੀ ਕਿਹਾ ਕਿ ਮੈਂ ਕਦੇ ਵੀ ਕਾਰ ਦੀ ਡ੍ਰਾਈਵਿੰਗ ਸੀਟ 'ਤੇ ਨਹੀਂ ਬੈਠਾਂਗੀ। ਪਲੀਜ਼ ਮੈਨੂੰ ਮੁਆਫ ਕਰ ਦਿਓ। ਜੈਤਸੇਵਾ ਪਿਛਲੇ 2 ਮਹੀਨੇ ਤੋਂ ਓਵਰਕ੍ਰਾਊਡਡ ਡਿਟੈਂਸ਼ਨ ਸੈਂਟਰ ਵਿਚ ਹੈ। ਅੱਗੇ ਦੀ ਜਾਂਚ ਵਿਚ ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ 10 ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ ਸੀ ਪੂਰਾ ਮਾਮਲਾ?
ਚਸ਼ਮਦੀਦਾਂ ਮੁਤਾਬਕ ਯੂਕ੍ਰੇਨ ਦੀ ਖਾਰਕਿਵ ਸਿਟੀ ਵਿਚ ਰਹਿਣ ਵਾਲੀ ਜੈਤਸੇਵਾ ਦੀ ਕਾਰ ਦੀ ਰਫਤਾਰ ਤੇਜ਼ ਸੀ ਅਤੇ ਜ਼ਿਆਦਾ ਭੀੜ ਵਾਲੇ ਇਲਾਕੇ ਵਿਚ ਵੀ ਉਸ ਨੇ ਕਾਰ ਦੀ ਰਫਤਾਰ ਘੱਟ ਨਹੀਂ ਕੀਤੀ ਸੀ। ਇਸ ਦੌਰਾਨ ਆਲੋਨਾ ਨੇ ਟ੍ਰੈਫਿਕ ਸਿਗਨਲ ਤੋੜਦੇ ਹੋਏ ਸੜਕ ਪਾਰ ਕਰ ਰਹੇ 11 ਲੋਕਾਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਕਾਰ ਇਕ ਇਮਾਰਤ ਦੀ ਕੰਧ ਨਾਲ ਜਾ ਟਕਰਾਈ ਸੀ। ਆਲੋਨਾ ਦੀ ਕਾਰ ਦੀ ਲਪੇਟ ਵਿਚ ਆਏ ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ, ਜਦੋਂ ਕਿ 3 ਦੀ ਮੌਤ ਇਲਾਜ ਦੌਰਾਨ ਹੋਈ ਸੀ। ਉਥੇ ਹੀ ਖੁਦ ਜੈਤਸੇਵਾ ਨੂੰ ਸੱਟਾਂ ਲੱਗੀਆਂ ਸਨ।
ਪਿਤਾ ਨੇ ਧੀ ਲਈ ਮੰਗੀ ਮੁਆਫੀ
ਆਲੋਨਾ ਦੇ ਅਰਬਪਤੀ ਪਿਤਾ ਵੈਸਿਲੀ ਜੈਤਸੇਵਾ ਯੂਕ੍ਰੇਨ ਦੀ ਨਾਮੀ ਐਨਰਜੀ ਕੰਪਨੀ ਦੇ ਮਾਲਕ ਹਨ। ਉਹ ਲਗਾਤਾਰ ਪੀੜਤਾਵਾਂ ਦੇ ਪਰਿਵਾਰ ਨਾਲ ਗੱਲ ਕਰ ਕੇ, ਉਨ੍ਹਾਂ ਨੂੰ ਧੀ ਨੂੰ ਮੁਆਫ ਕਰ ਦੇਣ ਦੀ ਗੁਹਾਰ ਲਗਾ ਰਹੇ ਹਨ।