ਅੱਤਵਾਦੀ ਹਮਲਿਆਂ ਤੋਂ ਬਾਅਦ ਚੋਣਾਂ ਲਈ ਤਿਆਰ ਬ੍ਰਿਟੇਨ, ਥੈਰੇਸਾ ਮੇਅ ਨੇ ਵੋਟਰਾਂ ਨੂੰ ਕੀਤੀ ਅਪੀਲ

06/07/2017 11:39:30 AM

ਲੰਡਨ— ਲੰਡਨ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਬ੍ਰਿਟੇਨ ਕੱਲ ਭਾਵ ਬੁੱਧਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਤਿਆਰ ਹੋ ਰਿਹਾ ਹੈ। ਪਿਛਲੇ ਕੁਝ ਹਫਤੇ 'ਚ ਬ੍ਰਿਟੇਨ 'ਚ ਸਥਿਤੀ ਲਗਾਤਾਰ ਬਦਲੀ ਹੈ ਅਤੇ ਅੱਤਵਾਦੀ ਹਮਲੇ ਮੁੱਖ ਮੁੱਦਾ ਬਣ ਗਏ ਹਨ। ਬੀਤੀ 18 ਅਪ੍ਰੈਲ ਨੂੰ ਜਦੋਂ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਚੋਣਾਂ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਉਨ੍ਹਾਂ ਦੀ ਲੋਕਪ੍ਰਿਅਤਾ ਸ਼ਿਖਰ 'ਤੇ ਸੀ ਅਤੇ ਬ੍ਰੈਗਜ਼ਿਟ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਵਿਰੋਧੀ ਲੇਬਰ ਪਾਰਟੀ 'ਤੇ ਦੋਹਰੇ ਅੰਕਾਂ 'ਚ ਲੀਡ ਹਾਸਲ ਕਰ ਲਈ ਸੀ। ਹਾਲ ਦੇ ਹਫਤਿਆਂ 'ਚ ਕੰਜਰਵੇਟਿਵ ਨੇਤਾ ਥੈਰੇਸਾ ਦੀ ਲੋਕਪ੍ਰਿਅਤਾ ਦਾ ਗਰਾਫ ਡਿੱਗਦਾ ਨਜ਼ਰ ਆਇਆ ਹੈ, ਕਿਉਂਕਿ ਸਿਆਸੀ ਸਲਾਹ-ਮਸ਼ਵਰਾ ਯੂਰਪੀ ਸੰਘ ਦੀ ਮੈਂਬਰੀ ਤੋਂ ਹੱਟ ਕੇ ਸਥਾਈ ਨੀਤੀ ਅਤੇ ਸੁਰੱਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਆਪਣੇ ਰਿਕਾਰਡ ਵੱਲ ਚੱਲਾ ਗਿਆ ਹੈ। 
ਥੈਰੇਸਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਬ੍ਰਿਟੇਨ ਦੀ ਅਗਵਾਈ ਕਰਨ ਲਈ ਮੈਨੂੰ ਸਮਰਥਨ ਦਿਓ, ਮੈਨੂੰ ਬ੍ਰਿਟੇਨ ਲਈ ਬੋਲਣ ਦਾ ਅਧਿਕਾਰ ਦਿਓ, ਮੇਰੇ ਹੱਥ ਮਜ਼ਬੂਤ ਕਰੋ।'' ਬ੍ਰੈਗਜ਼ਿਟ ਦੀ ਪ੍ਰਕਿਰਿਆ 19 ਜੂਨ ਤੋਂ ਸ਼ੁਰੂ ਹੋਣੀ ਹੈ ਅਤੇ ਅਜਿਹੇ 'ਚ ਥੈਰੇਸਾ ਨੂੰ ਉਮੀਦ ਹੈ ਕਿ ਯੂ. ਕੇ. ਇੰਡੀਪੈਂਡੇਂਸ ਪਾਰਟੀ ਦੇ ਸਮਰਥਕਾਂ ਦਾ ਵੱਡਾ ਹਿੱਸਾ ਉਨ੍ਹਾਂ ਨੂੰ ਸਮਰਥਨ ਦੇਵੇਗਾ ਅਤੇ ਉਹ ਲੇਬਰ ਪਾਰਟੀ ਤੋਂ ਵੀ ਕੁਝ ਸੀਟਾਂ ਖੋਹ ਲਵੇਗੀ। ਇਕ ਸਰਵੇਖਣ 'ਚ ਕਿਹਾ ਗਿਆ ਕਿ ਕੰਜਰਵੇਟਿਵ ਪਾਰਟੀ ਨੂੰ 41.6 ਫੀਸਦੀ ਅਤੇ ਲੇਬਰ ਪਾਰਟੀ ਨੂੰ 40.4 ਫੀਸਦੀ ਲੋਕਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਇਕ ਸਮਾਂ ਸੀ ਜਦੋਂ ਦੋਹਾਂ ਪਾਰਟੀਆਂ ਵਿਚਾਲੇ 20 ਫੀਸਦੀ ਦਾ ਫਾਸਲਾ ਸੀ, ਜੋ ਕਿ ਘੱਟ ਕੇ ਮਹਿਜ ਇਕ ਫੀਸਦੀ ਤੱਕ ਰਹਿ ਗਿਆ ਹੈ।