ਬ੍ਰਿਟੇਨ : ਸੰਸਦ ਦੀ ਕਾਰਵਾਈ 14 ਅਕਤੂਬਰ ਤਕ ਹੋਈ ਮੁਅੱਤਲ

09/10/2019 9:58:55 AM

ਲੰਡਨ— ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਪ੍ਰਸਤਾਵ ਬ੍ਰਿਟੇਨ ਦੀ ਸੰਸਦ 'ਚ ਖਾਰਜ ਹੋਣ ਮਗਰੋਂ ਮੰਗਲਵਾਰ ਤੜਕੇ ਇਸ ਦੀ ਕਾਰਵਾਈ 14 ਅਕਤੂਬਰ ਤਕ ਲਈ ਮੁਅੱਤਲ ਕਰ ਦਿੱਤੀ ਗਈ। ਜਾਨਸਨ ਦੇ ਜਲਦੀ ਚੋਣਾਂ ਦੇ ਪ੍ਰਸਤਾਵ ਨੂੰ ਸੰਸਦ ਮੈਂਬਰਾਂ ਨੇ ਇਕ ਹਫਤੇ 'ਚ ਦੂਜੀ ਵਾਰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦੇ ਪ੍ਰਸਤਾਵ ਦੇ ਸਮਰਥਨ 'ਚ 293 ਸੰਸਦ ਮੈਂਬਰਾਂ ਨੇ ਵੋਟ ਕੀਤੀ ਜਦਕਿ ਇਸ ਪ੍ਰਸਤਾਵ ਦੇ ਪਾਸ ਹੋਣ ਲਈ 434 ਸੰਸਦਾਂ ਦੇ ਸਮਰਥਨ ਦੀ ਜ਼ਰੂਰਤ ਸੀ। ਪਹਿਲਾਂ ਹੀ ਵਿਰੋਧੀ ਸੰਸਦ ਮੈਂਬਰਾਂ ਨੇ ਸਾਫ ਕਰ ਦਿੱਤਾ ਸੀ ਕਿ ਉਹ 15 ਅਕਤੂਬਰ ਨੂੰ ਚੋਣਾਂ ਕਰਾਉਣ ਦੇ ਕਿਸੇ ਵੀ ਪ੍ਰਸਤਾਵ ਦਾ ਸਮਰਥਨ ਨਹੀਂ ਕਰਨਗੇ।

ਇਸ ਦੌਰਾਨ ਵਿਰੋਧੀ ਦਲ ਦੇ ਸੰਸਦ ਮੈਂਬਰਾਂ ਦੇ ਹੱਥ 'ਚ 'ਸਾਈਲੈਂਸ' ਲਿਖੇ ਬੈਨਰ ਨਜ਼ਰ ਆਏ। ਜਾਨਸਨ ਕਿਸੇ ਵੀ ਹਾਲਤ 'ਚ 31 ਅਕਤੂਬਰ ਤੋਂ ਪਹਿਲਾਂ ਯੂਰਪੀ ਸੰਧ ਨਾਲ ਆਪਣੇ ਦੇਸ਼ ਨੂੰ ਬਾਹਰ ਕੱਢਣਾ ਚਾਹੁੰਦੇ ਹਨ। ਇਸ ਲਈ ਉਹ ਯੂਰਪੀ ਸੰਘ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਵੀ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ਦੀ ਇਸ ਪਹਿਲ ਦਾ ਬ੍ਰਿਟੇਨ 'ਚ ਭਾਰੀ ਵਿਰੋਧ ਹੋ ਰਿਹਾ ਹੈ। ਵਿਰੋਧੀ ਦਲ ਦਾ ਕਹਿਣਾ ਹੈ ਕਿ ਜੇਕਰ ਬ੍ਰਿਟੇਨ ਬਿਨਾ ਕਿਸੇ ਸਮਝੌਤੇ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਦਾ ਹੈ ਤਾਂ ਇਸ ਦਾ ਆਰਥਿਕ ਨੁਕਸਾਨ ਦੇਸ਼ ਨੂੰ ਚੁਕਾਉਣਾ ਪਵੇਗਾ।