ਬ੍ਰਿਟੇਨ ''ਚ ਕੋਰੋਨਾਵਾਇਰਸ ਕਾਰਨ ਬੁਰੇ ਫਸੇ ਭਾਰਤੀ ਵਿਦਿਆਰਥੀ

05/02/2020 5:57:47 PM

ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ): ਹਰ ਸਾਲ ਹਜ਼ਾਰਾਂ ਨੌਜਵਾਨ ਆਪਣੇ ਬਿਹਤਰ ਭਵਿੱਖ ਤੇ ਉਚੇਰੀ ਪੜ੍ਹਾਈ ਲਈ ਬਰਤਾਨੀਆ ਆਉਂਦੇ ਹਨ। ਪਰ ਇਸ ਸਮੇਂ ਹਜ਼ਾਰਾਂ ਭਾਰਤੀ ਵਿਦਿਆਰਥੀ ਕੋਰੋਨਾਵਾਇਰਸ ਕਰਕੇ ਇੱਥੇ ਫਸੇ ਹੋਏ ਹਨ। ਤਾਲਾਬੰਦੀ ਕਾਰਨ ਉਹ ਯੂਕੇ ਛੱਡ ਕੇ ਆਪਣੇ ਵਤਨ ਵਾਪਿਸ ਜਾਣ ਤੇ ਵਧੀਆ ਭੋਜਨ ਪ੍ਰਾਪਤ ਕਰਨ ਤੋਂ ਅਸਮਰੱਥ ਹਨ।ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਦਿਆਰਥੀ ਸਮੂਹ, ਸਾਰੇ ਯੂਕੇ ਵਿੱਚ ਸਥਾਨਕ ਕਮਿਊਨਿਟੀ ਸਮੂਹਾਂ ਦੇ ਨਾਲ ਮਿਲ ਕੇ ਐਮਰਜੈਂਸੀ ਵਿੱਚ ਭੋਜਨ ਦਾ ਪ੍ਰਬੰਧ ਕਰ ਰਹੇ ਹਨ। 

ਬੈਡਫੋਰਡ ਦੇ ਪ੍ਰਸਿੱਧ ਕਾਰੋਬਾਰੀ ਤੇ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਦੀ ਅਗਵਾਈ ਵਿੱਚ "ਸੇਵਾ ਟਰੱਸਟ  ਯੂਕੇ" ਦੇ ਵਲੰਟੀਅਰਾਂ ਵੱਲੋਂ ਨਿਰੰਤਰ ਭਾਰਤੀ ਵਿਦਿਆਰਥੀਆਂ ਨਾਲ ਸੰਪਰਕ ਬਣਾ ਕੇ ਲੋੜਾਂ ਦੀ ਪੂਰਤੀ ਲਈ ਸਾਥ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਨੌਜਵਾਨ ਆਪਣੀਆਂ ਪਾਰਟ-ਟਾਈਮ ਨੌਕਰੀਆਂ ਗੁਆ ਚੁੱਕੇ ਹਨ ਅਤੇ ਹੁਣ ਮੁੱਢਲੇ ਖਰਚੇ ਵੀ ਨਹੀਂ ਕਰ ਸਕਦੇ। ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਨੇ ਦੇਸ਼ ਭਰ ਵਿਚ 3,000 ਤੋਂ ਵੱਧ ਸੰਘਰਸ਼ਸ਼ੀਲ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕੀਤਾ ਹੈ। 

ਇਸ ਤੋਂ ਇਲਾਵਾ ਸਾਊਥਾਲ ਈਲਿੰਗ ਦੇ ਲੇਬਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਸਿੱਖਿਆ ਸਕੱਤਰ ਗੈਵਿਨ ਵਿਲੀਅਮਸਨ ਨੂੰ ਬੁੱਧਵਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਯੂਨੀਵਰਸਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਸ਼ਕਲ ਫੰਡਾਂ ਵਿਚੋਂ ਪੈਸੇ ਦਿੱਤੇ ਜਾਣੇ ਚਾਹੀਦੇ ਹਨ।  ਉਹਨਾਂ ਨੇ ਯੂਨੀਵਰਸਿਟੀਆਂ ਲਈ ਘੱਟੋ ਘੱਟ ਸੇਵਾ ਦੇ ਮਿਆਰਾਂ ਦੀ ਮੰਗ ਵੀ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 2018-19 ਦੇ ਅਰਸੇ ਦੌਰਾਨ ਭਾਰਤ ਤੋਂ ਬਰਤਾਨੀਆ ਪੜ੍ਹਨ ਆਏ ਵਿਦਿਆਰਥੀਆਂ ਦੀ ਗਿਣਤੀ 27000 ਸੀ। ਅੰਡਰ ਗ੍ਰੈਜੂਏਟ ਡਿਗਰੀ ਲਈ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਬਰਤਾਨਵੀ ਯੂਨੀਵਰਸਿਟੀ ਨੂੰ ਸਾਲ ਦੀ ਪੜ੍ਹਾਈ ਦੇ ਲਗਭਗ £38000 ਅਦਾ ਕਰਦਾ ਹੈ। ਪਹਾੜ ਵਰਗੇ ਖਰਚਿਆਂ ਦਾ ਬੋਝ, ਕੰਮ ਦੇ ਘੰਟਿਆਂ ਦਾ ਸੀਮਤ ਹੋਣਾ, ਪੜ੍ਹਾਈ ਦੀ ਚਿੰਤਾ, ਬਰਤਾਨੀਆ ਆਉਣ ਲਈ ਪਰਿਵਾਰ ਸਿਰ ਚੜ੍ਹੇ ਕਰਜ਼ੇ ਚਿੰਤਾ ਦਾ ਕਾਰਨ ਬਣੇ ਰਹਿੰਦੇ ਹਨ।

Vandana

This news is Content Editor Vandana